ਤੁਰਕੀ ਦੇ ਨੇਤਾ ਨਾਲ ਟਰੰਪ ਕਰਨਗੇ ਮੁਲਾਕਾਤ

11/11/2019 10:17:06 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫਤੇ ਤੁਰਕੀ ਦੇ ਨੇਤਾ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ ਟਰੰਪ ਰੂਸ ਦੀ ਰੱਖਿਆ ਪ੍ਰਣਾਲੀ ਖਰੀਦਣ ਦੇ ਤੁਰਕੀ ਦੇ ਫੈਸਲੇ 'ਤੇ ਉਨ੍ਹਾਂ ਨਾਲ ਦੋ ਟੂਕ ਗੱਲਬਾਤ ਕਰਨਗੇ। ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਰੱਖਿਆ ਪ੍ਰ੍ਰਣਾਲੀ ਐੱਸ-400 ਖਰੀਦਣ ਦੇ ਤੁਰਕੀ ਦੇ ਫੈਸਲੇ ਨਾਲ ਅਮਰੀਕਾ ਹਾਲੇ ਵੀ ਬਹੁਤ ਨਾਰਾਜ਼ ਹੈ। ਅਮਰੀਕਾ ਨੇ ਕਿਹਾ ਕਿ ਇਹ ਰੱਖਿਆ ਪ੍ਰਣਾਲੀ ਨਾਟੋ ਬਲਾਂ ਦੇ ਅਨੁਕੂਲ ਨਹੀਂ ਹੈ ਅਤੇ ਇਸ ਨਾਲ ਐੱਫ-35 ਲੜਾਕੂ ਜਹਾਜ਼ ਪ੍ਰੋਗਰਾਮ ਪ੍ਰਭਾਵਿਤ ਹੋ ਸਕਦਾ ਹੈ। ਨਾਲ ਹੀ ਇਹ ਰੂਸ ਦੇ ਖੁਫੀਆ ਵਿਭਾਗ ਨੂੰ ਮਦਦ ਪਹੁੰਚਾ ਸਕਦਾ ਹੈ। ਗੌਰਤਲਬ ਹੈ ਕਿ ਅਮਰੀਕਾ ਨੇ ਜੁਲਾਈ ਵਿਚ ਤੁਰਕੀ ਨੂੰ ਐੱਫ-35 ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਸੀ।

ਓ ਬ੍ਰਾਇਨ ਨੇ ਸੀ.ਬੀ.ਐੱਸ. 'ਫੇਸ ਦੀ ਨੇਸ਼ਨ' ਵਿਚ ਕਿਹਾ,''ਤੁਰਕੀ ਜੇਕਰ ਰੂਸ ਦੀ ਰੱਖਿਆ ਪ੍ਰਣਾਲੀ ਨੂੰ ਨਹੀਂ ਛੱਡਦਾ ਤਾਂ ਉਸ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।'' ਟਰੰਪ ਦਾ ਬੁੱਧਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਅਰਦੌਣ ਦੇ ਨਾਲ ਅਤੇ ਵੀਰਵਾਰ ਨੂੰ ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਦੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਟਰੰਪ ਅਤੇ ਅਰਦੌਣ ਬੁੱਧਵਾਰ ਦੁਪਹਿਰ ਇਕ ਸਾਂਝਾ ਪੱਤਰਕਾਰ ਸੰਮੇਲਨ ਕਰਨਗੇ। ਓ ਬ੍ਰਾਇਨ ਨੇ ਕਿਹਾ,''ਐੱਸ-400 ਲਈ ਨਾਟੋ ਵਿਚ ਕੋਈ ਜਗ੍ਹਾ ਨਹੀਂ ਹੈ। ਖਾਸ ਰੂਸੀ ਮਿਲਟਰੀ ਖਰੀਦ ਲਈ ਨਾਟੋ ਵਿਚ ਕੋਈ ਜਗ੍ਹਾ ਨਹੀਂ ਹੈ। ਜਦੋਂ ਉਹ ਇੱਥੇ ਵਾਸ਼ਿੰਗਟਨ ਵਿਚ ਹੋਣਗੇ ਤਾਂ ਰਾਸ਼ਟਰਪਤੀ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਇਹ ਗੱਲ ਕਹਿਣਗੇ।'' 

ਸੁਰੱਖਿਆ ਸਲਾਹਕਾਰ ਨੇ ਭਾਵੇਂਕਿ ਕਿਹਾ ਕਿ ਅਮਰੀਕਾ ਤੁਰਕੀ ਨੂੰ ਨਾਟੋ ਵਿਚ ਰੱਖਣ ਲਈ ਉਹ ਸਭ ਕੁਝ ਕਰੇਗਾ ਜੋ ਉਹ ਕਰ ਸਕਦਾ ਹੈ। ਗੌਰਤਲਬ ਹੈ ਕਿ ਸੀਰੀਆ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਿਰੁੱਧ ਅਮਰੀਕਾ ਦੇ ਨਾਲ ਲੜਾਈ ਲੜ ਰਹੇ ਕੁਰਦ ਬਲਾਂ 'ਤੇ ਹਮਲੇ ਲਈ ਤੁਰਕੀ ਦੀ ਚਾਰੇ ਪਾਸੇ ਆਲੋਚਨਾ ਹੋਈ ਹੈ। ਉੱਥੇ ਇਨ੍ਹਾਂ ਹਮਲਿਆਂ ਦੇ ਪਹਿਲਾਂ ਅਮਰੀਕੀ ਫੌਜਾਂ ਨੂੰ ਹਟਾਉਣ ਲਈ ਟਰੰਪ ਦੀ ਵੀ ਆਲੋਚਨਾ ਹੋਈ।

Vandana

This news is Content Editor Vandana