ਕੁਝ ਹਫ਼ਤਿਆਂ ਤੱਕ ਅਮਰੀਕਾ ਕੋਰੋਨਾ ਦੇ ਦੋ ਹੋਰ ਟੀਕਿਆਂ ਨੂੰ ਦੇ ਸਕਦੈ ਮਨਜ਼ੂਰੀ

01/18/2021 5:35:42 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰੀ ਇੰਸਟੀਚਿਊਟ ਆਫ਼ ਐਲਰਜੀ ਤੇ ਹੋਰ ਬੀਮਾਰੀਆਂ ਦੇ ਵਿਭਾਗ ਦੇ ਨਿਰਦੇਸ਼ਕ ਡਾਕਟਰ ਐਂਥਨੀ ਫੌਸੀ ਨੇ ਕਿਹਾ ਕਿ ਅਮਰੀਕਾ ਅਗਲੇ ਦੋ ਹਫ਼ਤਿਆਂ ਦੇ ਅੰਦਰ ਐਮਰਜੈਂਸੀ ਵਰਤੋਂ ਲ਼ਈ ਆਕਸਫੋਰਡ ਯੂਨੀਵਰਸਿਟੀ ਦੀ ਐਸਟ੍ਰਾਜੇਨੇਕਾ ਅਤੇ ਜਾਨਸਨ ਐਂਡ ਜਾਨਸਨ ਵਲੋਂ ਵਿਕਸਿਤ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਸਕਦਾ ਹੈ। 

ਡਾ. ਐਂਥਨੀ ਨੇ ਐਤਵਾਰ ਦੇਰ ਰਾਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਅਮਰੀਕਾ ਜਾਨਸਨ ਐਂਡ ਜਾਨਸਨ ਅਤੇ ਐਸਟ੍ਰਾਜੇਨੇਕਾ ਦੇ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਲਈ ਬਹੁਤ ਜਲਦੀ ਮਨਜ਼ੂਰੀ ਦੇ ਸਕਦਾ ਹੈ। ਉਨ੍ਹਾਂ ਕਿਹਾ,"ਮੈਨੂੰ ਇਕ ਜਾਂ ਦੋ ਹਫ਼ਤੇ ਦੀ ਮਿਆਦ ਦੇ ਅੰਦਰ ਜਾਂ ਵੱਧ ਤੋਂ ਵੱਧ ਅਗਲੇ ਕੁਝ ਹਫ਼ਤਿਆਂ ਵਿਚ ਵੈਕਸੀਨ ਬਾਰੇ ਅੰਕੜੇ ਪ੍ਰਾਪਤ ਹੋਣ ਦੀ ਉਮੀਦ ਹੈ।"

ਦੱਸਿਆ ਜਾ ਰਿਹਾ ਹੈ ਕਿ ਐੱਫ. ਡੀ. ਏ. ਨੇ ਦਸੰਬਰ ਵਿਚ ਫਾਈਜ਼ਰ ਤੇ ਮੋਡੇਰਨਾ ਵਲੋਂ ਵਿਕਸਤ ਕੀਤੇ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਵਿਚ ਲਿਆਉਣ ਦੀ ਮਨਜ਼ੂਰੀ ਦਿੱਤੀ ਸੀ। ਹੁਣ ਤੱਕ 1 ਕਰੋੜ 20 ਲੱਖ ਤੋਂ ਵੱਧ ਅਮਰੀਕੀਆਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਬ੍ਰਿਟੇਨ, ਭਾਰਤ, ਬ੍ਰਾਜ਼ੀਲ ਅਤੇ ਕਈ ਹੋਰ ਦੇਸ਼ਾਂ ਵਿਚ ਆਕਸਫੋਰਡ ਯੂਨੀਵਰਸਿਟੀ ਦੀ ਐਸਟ੍ਰਾਜੇਨੇਕਾ ਨੂੰ ਇਜਾਜ਼ਤ ਮਿਲ ਗਈ ਹੈ। ਜਦਕਿ ਜਾਨਸਨ ਐਂਡ ਜਾਨਸਨ ਨੂੰ ਹੁਣ ਤੱਕ ਕਿਤੇ ਵੀ ਮਨਜ਼ੂਰੀ ਨਹੀਂ ਮਿਲੀ ਹੈ। 

Lalita Mam

This news is Content Editor Lalita Mam