ਅਮਰੀਕਾ ਨੇ ਨਾਗਰਿਕਾਂ ਨੂੰ ਪਾਕਿ ਨਾ ਜਾਣ ਸਬੰਧੀ ਐਡਵਾਇਜਰੀ ਕੀਤੀ ਜਾਰੀ

02/04/2020 11:04:34 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਚੌਥੇ ਪੱਧਰ ਦੀ ਐਡਵਾਇਜਰੀ ਜਾਰੀ ਕਰ ਕੇ ਨਾਗਰਿਕਾਂ ਨੂੰ ਪਾਕਿਸਤਾਨ ਜਾਣ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਸਲਾਹ ਦਿੱਤੀ ਗਈ ਹੈ ਕਿ ਪਾਕਿਸਤਾਨ ਜਾਣ ਵਾਲੇ ਨਾਗਰਿਕ ਆਪਣੀ ਯਾਤਰਾ ਦੇ ਬਾਰੇ ਵਿਚ ਇਕ ਵਾਰ ਫਿਰ ਵਿਚਾਰ ਕਰ ਲੈਣ। ਕਿਉਂਕਿ ਉੱਥੇ ਕਿਸੇ ਖਤਰਨਾਕ ਸਥਿਤੀ ਦਾ ਸਾਹਮਣਾ ਕਰਨ 'ਤੇ ਸਰਕਾਰ ਐਮਰਜੈਂਸੀ ਸਹੂਲਤਾਂ ਮੁਹੱਈਆ ਨਹੀਂ ਕਰਾ ਸਕਦੀ। ਇਸ ਦਾ ਕਾਰਨ ਉੱਥੇ ਫੈਲਿਆ ਅੱਤਵਾਦ ਹੈ। ਯੂ.ਐੱਸ ਟ੍ਰੈਵਲ ਐਡਵਾਇਜਰੀ ਦੇ ਪੱਧਰ ਚਾਰ ਦਾ ਮਤਲਬ ਨਾਗਰਿਕਾਂ ਨੂੰ ਐੱਲ.ਓ.ਸੀ. ਦੇ ਨਾਲ ਬਲੋਚਿਸਤਾਨ, ਖੈਬਰ ਪਖਤੂਨਖਵਾ ਸੂਬਿਆਂ ਦੀ ਯਾਤਰਾ ਕਰਨ ਲਈ ਮਨਾ ਕਰਨਾ ਹੈ। ਪਾਕਿਸਤਾਨ ਦੇ ਬਾਕੀ ਇਲਾਕੇ ਯਾਤਰਾ ਐਲਰਟ ਦੇ ਪੱਧਰ ਤਿੰਨ 'ਤੇ ਬਣੇ ਹੋਏ ਹਨ।

ਅਮਰੀਕਾ ਨੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਦੇ ਨਾਲ-ਨਾਲ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਲਈ ਉੱਚ ਪੱਧਰ ਦੀ ਯਾਤਰਾ ਚਿਤਾਵਨੀ ਜਾਰੀ ਕੀਤੀ। ਵਿਦੇਸ਼ ਮੰਤਰਾਲੇ ਨੇ ਆਪਣੀ ਐਡਵਾਇਜਰੀ ਵਿਚ ਕਿਹਾ ਹੈ ਕਿ ਪਾਕਿਸਤਾਨ ਵਿਚ ਕਈ ਥਾਵਾਂ 'ਤੇ ਵੱਡੇ ਖਤਰੇ ਹਨ। ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦ ਅਤੇ ਅਗਵਾ ਹੋਣ ਦੀਆਂ ਘਟਨਾਵਾਂ ਕਾਰਨ ਇਹਨਾਂ ਥਾਵਾਂ 'ਤੇ ਨਾ ਜਾਇਆ ਜਾਵੇ। ਖਾਸ ਕਰ ਕੇ ਭਾਰਤ-ਪਾਕਿਸਤਾਨ ਬਾਰਡਰ ਜਿੱਥੋਂ ਦੀ ਕਈ ਅੱਤਵਾਦੀ ਸੰਗਠਨ ਸੰਚਾਲਿਤ ਹੁੰਦੇ ਹਨ। ਵਿਦੇਸ਼ ਮੰਤਰਾਲੇ ਨੇ ਅੱਤਵਾਦੀ ਘਟਨਾਵਾਂ ਵਿਚ ਹੋਈਆਂ ਹੱਤਿਆਵਾਂ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਪੂਰੇ ਪਾਕਿਸਤਾਨ ਵਿਚ ਅਜਿਹੇ ਹਮਲੇ ਲਗਾਤਾਰ ਜਾਰੀ ਹਨ। ਇਹਨਾਂ ਇਲਾਕਿਆਂ ਵਿਚ ਭਾਰਤੀ ਅਤੇ ਪਾਕਿਸਤਾਨੀ ਮਿਲਟਰੀ ਬਲਾਂ ਵਿਚ ਸਮੇਂ-ਸਮੇਂ 'ਤੇ ਐੱਲ.ਓ.ਸੀ. ਦੇ ਪਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। 

ਕਿਰਿਆਸ਼ੀਲ ਅੱਤਵਾਦੀ ਅਤੇ ਵਿਦਰੋਹੀ ਸਮੂਹ ਨਿਯਮਿਤ ਰੂਪ ਨਾਲ ਨਾਗਰਿਕਾਂ, ਗੈਰ ਸਰਕਾਰੀ ਸੰਗਠਨਾਂ, ਸਰਕਾਰੀ ਦਫਤਰਾਂ ਅਤੇ ਸੁਰੱਖਿਆ ਬਲਾਂ ਦੇ ਵਿਰੁੱਧ ਹਮਲਾ ਕਰਦੇ ਰਹਿੰਦੇ ਹਨ। ਇਤਿਹਾਸ ਗਵਾਹ ਹੈ ਕਿ ਅੱਤਵਾਦੀ ਸਮੂਹ ਹਮਲੇ ਦੇ ਦੌਰਾਨ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਆਮ ਨਾਗਰਿਕਾਂ ਨੂੰ ਵੀ ਨਹੀਂ ਛੱਡਦੇ। ਪਿਛਲੇ ਦਿਨੀਂ ਪੋਲਿਓ ਰੋਕਥਾਮ ਟੀਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ ਹੱਤਿਆ ਅਤੇ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਆਮ ਹਨ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਅੱਤਵਾਦੀ ਸਮੂਹ ਪਾਕਿਸਤਾਨ ਵਿਚ ਹਮਲੇ ਦੀ ਸਾਜਿਸ਼ ਰਚ ਰਹੇ ਹਨ। ਅਜਿਹਾ ਬਹੁਤ ਘੱਟ ਹੁੰਦਾ ਹੈਕਿ ਜਦੋਂ ਅੱਤਵਾਦੀ ਹਮਲੇ ਤੋਂ ਪਹਿਲਾਂ ਕੋਈ ਚਿਤਾਵਨੀ ਜਾਰੀ ਕਰਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਅਤੀਤ ਵਿਚ ਅਮਰੀਕੀ ਡਿਪਲੋਮੈਟਾਂ ਅਤੇ ਡਿਪਲੋਮੈਟਿਕ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ। 


Vandana

Content Editor

Related News