ਕਸ਼ਮੀਰ ਮੁੱਦੇ ਦਾ ਹੱਲ ਕੀਤੇ ਬਗੈਰ ਭਾਰਤ ਨਾਲ ਸ਼ਾਂਤੀ ਵਾਰਤਾ ਨਹੀਂ : ਕੁਰੈਸ਼ੀ

01/17/2020 2:36:51 PM

ਵਾਸ਼ਿੰਗਟਨ (ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਸ਼ਾਂਤੀ ਲਈ ਪਾਕਿਸਤਾਨ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਨਹੀਂ ਹੈ ਅਤੇ ਕਸ਼ਮੀਰ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕੀਤੇ ਬਿਨਾਂ ਤਾਂ ਬਿਲਕੁੱਲ ਵੀ ਨਹੀਂ। ਕੁਰੈਸ਼ੀ ਨੇ ਸੈਂਟਰ ਫੌਰ ਸਟੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (ਸੀ.ਐੱਸ.ਆਈ.ਐੱਸ.) ਥਿੰਕ ਟੈਂਕ ਨੂੰ ਇੱਥੇ ਵੀਰਵਾਰ ਨੂੰ ਸੰਬੋਧਿਤ ਕਰਦਿਆਂ ਪਾਕਿਸਤਾਨ ਦੀ ਮੰਗ ਨੂੰ ਦੁਹਰਾਇਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਵਿਚੋਲਗੀ ਕਰਨੀ ਚਾਹੀਦੀ ਹੈ। 

ਕੁਰੈਸ਼ੀ ਨੇ ਕਿਹਾ,''ਸਾਡੀ ਸਰਕਾਰ ਗੁਆਂਢ ਵਿਚ ਸ਼ਾਂਤੀ ਚਾਹੁੰਦੀ ਹੈ। ਆਰਥਿਕ ਸੁਧਾਰ ਅਤੇ ਵਿਕਾਸ ਲਈ ਆਪਣਾ ਘਰੇਲੂ ਏਜੰਡਾ ਹਾਸਲ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਸਾਨੂੰ ਸ਼ਾਂਤੀ ਦੀ ਲੋੜ ਹੈ ਪਰ ਅਸੀਂ ਭਾਰਤ ਦੇ ਨਾਲ ਸ਼ਾਂਤੀ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਨਹੀਂ ਹਾਂ ਖਾਸ ਤੌਰ 'ਤੇ ਆਪਣੇ ਰੁਤਬੇ ਦੀ ਕੀਮਤ 'ਤੇ ਅਤੇ ਸਹੀ ਢੰਗ ਨਾਲ ਕਸ਼ਮੀਰ ਵਿਵਾਦ ਨੂੰ ਹੱਲ ਕੀਤੇ ਬਗੈਰ ਤਾਂ ਬਿਲਕੁੱਲ ਵੀ ਨਹੀਂ।'' ਕੁਰੈਸ਼ੀ ਨੇ ਅੱਗੇ ਕਿਹਾ,''ਅਸੀਂ ਜਾਣਦੇ ਹਾਂ ਕਿ ਰਾਸ਼ਟਰਪਤੀ ਟਰੰਪ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਅਤੇ ਅਸੀਂ ਕਸ਼ਮੀਰ ਵਿਵਾਦ ਨੂੰ ਹੱਲ ਕਰਨ ਵਿਚ ਵਿਚੋਲਗੀ ਦੀ ਉਹਨਾਂ ਦੀ ਬਾਰ-ਬਾਰ ਕੀਤੀ ਗਈ ਪੇਸ਼ਕਸ ਦਾ ਸਵਾਗਤ ਕਰਦੇ ਹਾਂ।'' 

ਵਾਸ਼ਿੰਗਟਨ ਡੀ.ਸੀ. ਦੀ ਆਪਣੀ 2 ਦਿਨੀਂ ਯਾਤਰਾ ਵਿਚ ਕੁਰੈਸ਼ੀ ਦਾ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓਬ੍ਰਾਇਨ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਉਹਨਾਂ ਨੇ ਵੀਰਵਾਰ ਨੂੰ ਯੂ.ਐੱਸ ਕੈਪੀਟੋਲ ਵਿਚ ਸਾਂਸਦਾਂ ਨਾਲ ਮੁਲਾਕਾਤ ਕੀਤੀ। ਆਪਣੇ ਸੰਬੋਧਨ ਵਿਚ ਕੁਰੈਸ਼ੀ ਨੇ ਇਕ ਭਾਰਤੀ ਪੁਲਸ ਅਧਿਕਾਰੀ ਦੀ ਹਾਲ ਹੀ ਵਿਚ ਗ੍ਰਿਫਤਾਰੀ ਦਾ ਵੀ ਜ਼ਿਕਰ ਕੀਤਾ। 

ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੇ ਭਾਰਤ ਸਰਕਾਰ ਦੇ 5 ਅਗਸਤ ਦੇ ਫੈਸਲੇ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚ ਸੰਬੰਧ ਹੋਰ ਤਣਾਅਪੂਰਨ ਹੋ ਗਏ ਹਨ। ਪਾਕਿਸਤਾਨ ਨੇ ਭਾਰਤ ਸਰਕਾਰ ਦੇ ਇਸ ਕਦਮ ਦਾ ਸਖਤ ਵਿਰੋਧ ਕੀਤਾ ਸੀ। ਪਾਕਿਸਤਾਨ ਇਸ ਮੁੱਦੇ 'ਤੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।


Vandana

Content Editor

Related News