ਅਮਰੀਕਾ ''ਚ ਸਾਹਮਣੇ ਆਇਆ ਨਸਲੀ ਵਿਤਕਰੇ ਦਾ ਮਾਮਲਾ, ਤਸਵੀਰ ਵਾਇਰਲ

08/07/2019 11:20:43 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੈਕਸਾਸ ਦੇ ਗੈਲਵੇਸਟੋਨ ਇਲਾਕੇ ਵਿਚ ਦੋ ਗੋਰੇ ਪੁਲਸ ਅਧਿਕਾਰੀਆਂ ਵੱਲੋਂ ਇਕ ਗੈਰ ਗੋਰੇ ਵਿਅਕਤੀ ਨੂੰ ਰੱਸੀ ਨਾਲ ਬੰਨ੍ਹ ਕੇ ਲਿਜਾਣ ਦੀ ਤਸਵੀਰ ਵਾਇਰਲ ਹੋਣ ਦੇ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਇਸ ਵਿਚਕਾਰ ਟੈਕਸਾਸ ਪੁਲਸ ਦੇ ਪ੍ਰਮੁੱਖ ਨੇ ਪੂਰੇ ਘਟਨਾਕ੍ਰਮ 'ਤੇ ਮਾਫੀ ਮੰਗੀ ਹੈ।

ਟੈਕਸਾਸ ਦੇ ਤੱਟੀ ਸ਼ਹਿਰ ਗੈਲਵੇਸਟੋਨ ਦੇ ਪੁਲਸ ਪ੍ਰਮੁੱਖ ਵੇਰਨੌਨ ਹੇਲੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਡੋਨਾਲਡ ਨੀਲੇ ਨੂੰ ਅਣਅਧਿਕਾਰਤ ਰੂਪ ਨਾਲ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਪੁਲਸ ਦਾ ਕਾਰ ਤੋਂ ਥਾਣੇ ਤੱਕ ਲਿਜਾਇਆ ਜਾਣਾ ਸੀ ਕਿਉਂਕਿ ਉਸ ਸਮੇਂ ਘੁੜਸਵਾਰ ਪੁਲਸ ਹੀ ਮੌਜੂਦ ਸੀ ਇਸ ਲਈ ਨੀਲੇ ਨੂੰ ਰੱਸੀ ਨਾਲ ਬੰਨ੍ਹ ਕੇ ਪੈਦਲ ਲਿਜਾਣਾ ਪਿਆ। 

ਉਨ੍ਹਾਂ ਨੇ ਸੋਮਵਾਰ ਨੂੰ ਫੇਸਬੁੱਕ ਪੋਸਟ ਵਿਚ ਲਿਖਿਆ,''ਭਾਵੇਂਕਿ ਇਹ ਨਿਰਧਾਰਤ ਪ੍ਰਕਿਰਿਆ ਹੈ ਅਤੇ ਕੁਝ ਮਾਮਲਿਆਂ ਵਿਚ ਸਹੀ ਹੈ। ਮੇਰਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਅਧਿਕਾਰੀਆਂ ਨੇ ਗਲਤ ਮੁਲਾਂਕਣ ਕੀਤਾ। ਸਭ ਤੋਂ ਪਹਿਲਾਂ ਮੈਂ ਨੀਲੇ ਨੂੰ ਹੋਈ ਬੇਲੋੜੀ ਸ਼ਰਮਿੰਦਗੀ ਲਈ ਮਾਫੀ ਮੰਗਦਾ ਹਾਂ।'' ਹੇਲੇ ਨੇ ਐਲਾਨ ਕੀਤਾ ਕਿ ਨੀਤੀ ਨੂੰ ਬਦਲ ਦਿੱਤਾ ਗਿਆ ਹੈ ਅਤੇ ਭਵਿੱਖ ਵਿਚ ਇਸ ਤਰੀਕੇ ਨੂੰ ਨਹੀਂ ਅਪਨਾਇਆ ਜਾਵੇਗਾ। 

ਹੇਲੇ ਦੇ ਇਸ ਬਿਆਨ ਦੇ ਬਾਅਦ ਲੋਕਾਂ ਦੀ ਨਾਰਾਜ਼ਗੀ ਹੋਰ ਵੱਧ ਗਈ ਹੈ। ਕੁਝ ਕਾਰਕੁੰਨਾਂ ਨੇ ਇਸ ਨੂੰ ਕਮਜ਼ੋਰ ਪ੍ਰਤੀਕਿਰਿਆ ਕਰਾਰ ਦਿੱਤਾ ਹੈ। ਉੱਥੇ ਹੋਰ ਲੋਕਾਂ ਨੇ ਦੋਸ਼ੀ ਅਧਿਕਾਰੀਆਂ ਨੂੰ ਬਰਖਾਸਤ ਕਰਨ ਜਾਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨੀਲੇ ਨੂੰ ਅਪਮਾਨਿਤ ਕੀਤਾ ਗਿਆ ਹੈ ਉਸ ਨੇ ਦੇਸ਼ ਦੇ ਨਸਲੀ ਇਤਿਹਾਸ ਦੀ ਯਾਦ ਦਿਵਾ ਦਿੱਤੀ ਹੈ। 'ਨੈਸ਼ਨਲ ਐਸੋਸੀਏਸ਼ਨ ਫੌਰ ਦੀ ਐਡਵਾਂਸਡ ਆਫ ਕਲਰਡ ਪੀਪਲਜ਼' (ਐੱਨ.ਏ.ਏ.ਸੀ.ਪੀ.) ਦੇ ਹਿਊਸਟਨ ਚੈਪਟਰ ਦੇ ਪ੍ਰਧਾਨ ਜੇਮਜ਼ ਡਗਲਸ ਨੇ ਹਿਊਸਟਨ ਕ੍ਰੋਨੀਕਲ ਨੂੰ ਕਿਹਾ ਕਿ ਇਹ 2019 ਨਹੀਂ ਸਗੋਂ 1819 ਹੈ।

Vandana

This news is Content Editor Vandana