US : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਤਸਵੀਰਾਂ ਦੀ ਪ੍ਰਦਰਸ਼ਨੀ ਆਯੋਜਿਤ

10/16/2019 11:57:40 AM

ਵਾਸ਼ਿੰਗਟਨ (ਏਜੰਸੀ)— ਅਮਰੀਕਾ ਵਿਚ ਮੰਗਲਵਾਰ ਨੂੰ ਡੈਲਾਵੇਅਰ ਸਿੱਖ ਅਵੇਅਰਨੈੱਸ ਕੋਲੀਸ਼ਨ ਨਿਊ ਕਾਸਲ ਵਿਖੇ ਸਟੇਟ ਲਾਇਬ੍ਰੇਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਅਤੇ ਇਸ ਦਾ ਆਯੋਜਨ ਕਲਾਕਾਰ ਸਵਰਨਜੀਤ ਸਿੰਘ ਸਵੀ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦਾ ਰਸਮੀ ਉਦਘਾਟਨ ਨਿਊ ਕਾਸਲ ਸਿਟੀ ਦੇ ਮੇਅਰ ਮੈਥਿਊ ਨੇ ਕੀਤਾ। ਇਸ ਮੌਕੇ ਬੋਲਦਿਆਂ ਮੈਥਿਊ ਨੇ ਸਿੱਖ ਧਰਮ ਦੀ ਤਾਰੀਫ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਪ੍ਰਦਰਸ਼ਨੀ ਵਿਚ ਲਗਾਈਆਂ ਤਸਵੀਰਾਂ ਦੀ ਵੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਬੋਲਦਿਆਂ ਇਸਲਾਮਿਕ ਸੁਸਾਇਟੀ ਦੇ ਆਗੂ ਇਰਫਾਨ ਪਟੇਲ ਨੇ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦਾ ਹਿੱਸਾ ਬਣ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ  ਚਾਹੀਦਾ ਹੈ ਅਤੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਪੂਰੀ ਦੁਨੀਆ ਵਿਚ ਪਹੁੰਚਾਉਣੇ ਚਾਹੀਦੇ ਹਨ ਤਾਂ ਜੋ ਪੂਰੀ ਦੁਨੀਆ ਸ਼ਾਂਤੀ ਨਾਲ ਰਹਿ ਸਕੇ। ਇਸ ਮੌਕੇ ਸੈਨੇਟਰ ਬਿਰਆਨ ਟਾਊਨਸੈਂਡ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰੇ ਵਿਸ਼ਵ ਦਾ ਗਰੂ ਦੱਸਿਆ। 

ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਤੇ ਸਾਂਝੀਵਾਲਤਾ ਦਾ ਸੁਨੇਹਾ ਗੁਰੂ ਜੀ ਨੇ ਸਾਰੀ ਦੁਨੀਆ ਨੂੰ ਦਿੱਤਾ। ਇਸ ਮੌਕੇ ਬੋਲਦੇ ਡੈਲਾਵੇਅਰ ਸਿੱਖ ਅਵੇਅਰਨੈੱਸ ਕੋਲੀਸ਼ਨ ਦੇ ਚੇਅਰਮੈਨ ਚਰਨਜੀਤ ਸਿੰਘ ਮਿਨਹਾਸ ਨੇ ਅਮਰੀਕਾ ਦੀ ਸੰਗਤ ਨੂੰ ਅਪੀਲ ਕੀਤੀ ਕਿ 12 ਨਵੰਬਰ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ। ਉਨਾਂ ਨੇ ਇਸ ਮੌਕੇ ਸਵਰਨਜੀਤ ਸਿੰਘ ਸਵੀ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਸਮਾਗਮ ਵਿਚ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।


Vandana

Content Editor

Related News