ਅੱਤਵਾਦ ਨਾਲ ਨਜਿੱਠਣ ਲਈ ਟਰੰਪ ਨੇ ਜਾਰੀ ਕੀਤਾ ਨਵਾਂ ਸਰਕਾਰੀ ਆਦੇਸ਼

09/11/2019 10:05:06 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ ਹੈ। ਇਹ ਆਦੇਸ਼ ਅੱਤਵਾਦ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਧਨ ਮੁਹੱਈਆ ਕਰਾਉਣ ਵਾਲਿਆਂ 'ਤੇ ਲਗਾਮ ਲਗਾਉਣ, ਉਨ੍ਹਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਪਾਬੰਦੀਸ਼ੁਦਾ ਕਰਨ ਅਤੇ ਦੁਨੀਆ ਭਰ ਵਿਚ ਅੱਤਵਾਦ ਦੇ ਸਾਜਿਸ਼ ਕਰਤਾਵਾਂ ਨੂੰ ਰੋਕਣ ਦੀ ਦੇਸ਼ ਦੀ ਸਮਰੱਥਾ ਵਧਾਏਗਾ। ਟਰੰਪ ਨੇ 9/11 ਹਮਲੇ ਦੀ ਬੀਤੀ ਸ਼ਾਮ 'ਤੇ ਮੰਗਲਵਾਰ ਨੂੰ ਇਹ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ। 

ਇਸ ਨਵੇਂ ਆਦੇਸ਼ ਦੀ ਵਰਤੋਂ ਕਰਦੇ ਹੋਏ ਪ੍ਰਸ਼ਾਸਨ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਸਮੇਤ 11 ਅੱਤਵਾਦੀ ਸਮੂਹਾਂ ਦੇ 20 ਤੋਂ ਵੱਧ ਮੈਂਬਰਾਂ ਅਤੇ ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ। ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਅੱਤਵਾਦੀ ਸਮੂਹਾਂ ਦੇ ਮੈਂਬਰਾਂ ਅਤੇ ਅੱਤਵਾਦੀ ਸਿਖਲਾਈ ਵਿਚ ਹਿੱਸਾ ਲੈਣ ਵਾਲੇ ਲੋਕਾਂ 'ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਨਾਲ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਮਨੁਚਿਨ ਨੇ ਕਿਹਾ,''ਵਿਸ਼ੇਸ਼ ਰੂਪ ਨਾਲ ਸਾਡੇ ਕੋਲ 11 ਤੋਂ ਵੱਧ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ, ਆਪਰੇਟਿਵ ਅਤੇ ਫਾਈਨੈਂਸਰਾਂ ਦੇ ਨਾਮ ਹਨ, ਜਿਨ੍ਹਾਂ ਵਿਚ ਈਰਾਨ ਦੇ ਕੁਰਦ ਬਲ, ਹਮਾਸ, ਆਈ.ਐੱਸ.ਆਈ.ਐੱਸ., ਅਲ-ਕਾਇਦਾ ਅਤੇ ਉਨ੍ਹਾਂ ਦੇ ਸਹਿਯੋਗੀ ਸ਼ਾਮਲ ਹਨ।'' 

ਵਿੱਤ ਮੰਤਰੀ ਨੇ ਕਿਹਾ,''ਸਰਕਾਰ ਨੇ ਪਹਿਲਾਂ ਤੋਂ ਕਈ ਜ਼ਿਆਦਾ ਕਦਮ ਚੁੱਕੇ ਹਨ।''' ਗੌਰਤਲਬ ਹੈ ਕਿ 11 ਸਤੰਬਰ 2001 ਨੂੰ ਅਮਰੀਕਾ 'ਤੇ ਭਿਆਨਕ ਅੱਤਵਾਦੀ ਹਮਲੇ ਹੋਏ ਸਨ। ਇਸ ਦੇ ਬਾਅਦ ਹੀ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਪਤਨ ਹੋਇਆ ਸੀ। ਅੱਜ 18 ਸਾਲ ਬਾਅਦ ਵੀ ਕਰੀਬ 14,000 ਅਮਰੀਕੀ ਫੌਜੀ ਅਫਗਾਨਿਸਤਾਨ ਵਿਚ ਤਾਇਤਾਨ ਹਨ।

Vandana

This news is Content Editor Vandana