ਲਿੰਗੀ ਭੇਦਭਾਵ ਮਿਟਾਉਣ ਲਈ ਏਅਰਲਾਈਨ ਨੇ 120 ਕੁੜੀਆਂ ਨੂੰ ਕਰਵਾਈ ਨਾਸਾ ਦੀ ਸੈਰ

10/14/2019 10:21:13 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਡੈਲਟਾ ਏਅਰਲਾਈਨ ਨੇ ਇਕ ਅਨੋਖੀ ਪਹਿਲ ਕੀਤੀ। ਹਾਲ ਹੀ ਵਿਚ ਏਅਰਲਾਈਨ ਦੀ ਇਕ ਉਡਾਣ ਥੋੜ੍ਹੀ ਵੱਖਰੀ ਸੀ। ਇਸ ਉਡਾਣ ਵਿਚ 120 ਕੁੜੀਆਂ ਸ਼ਾਮਲ ਸਨ ਤਾਂ ਜੋ ਉਹ ਹਵਾਬਾਜ਼ੀ ਉਦਯੋਗ ਦੇ ਕੰਮਕਾਜ ਵੱਲ ਆਪਣੀ ਸਮਝ ਅਤੇ ਦਿਲਚਸਪੀ ਵਧਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹਿਊਸਟਨ ਵਿਚ ਨਾਸਾ ਦੇ ਕੇਂਦਰ ਵੀ ਲਿਜਾਇਆ ਗਿਆ। ਅਸਲ ਵਿਚ ਡੈਲਟਾ ਏਅਰਲਾਈਨ ਨੇ ਅੰਤਰਰਾਸ਼ਟਰੀ ਮਹਿਲਾ ਹਵਾਬਾਜ਼ੀ ਦਿਵਸ ਮੌਕੇ ਲਿੰਗੀ ਭੇਦਭਾਵ ਮਿਟਾਉਣ ਦਾ ਸੰਦੇਸ਼ ਦੇਣ ਲਈ ਇਹ ਪਹਿਲ ਕੀਤੀ ਸੀ।

ਡੈਲਟਾ ਏਅਰਲਾਈਨ ਵੱਲੋਂ ਬੀਤੇ ਹਫਤੇ ਕਰਵਾਈ ਗਈ ਇਸ ਯਾਤਰਾ ਵਿਚ ਨਾਸਾ ਦੇ ਜੌਨਸਨ ਸਪੇਸ ਸੈਂਟਰ ਲਿਜਾਣ ਲਈ 12 ਤੋਂ 18 ਸਾਲ ਦੀ ਉਮਰ ਵਾਲੀਆਂ ਕੁੜੀਆਂ ਨੂੰ ਚੁਣਿਆ ਸੀ। ਡੈਲਟਾ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ,''ਇਸ ਆਯੋਜਨ ਦਾ ਉਦੇਸ਼ ਪੁਰਸ਼ ਪ੍ਰਧਾਨ ਖੇਤਰ ਵਿਚ ਔਰਤਾਂ ਨੂੰ ਹਿੱਸੇਦਾਰੀ ਲਈ ਉਤਸ਼ਾਹਿਤ ਕਰਨਾ ਸੀ।'' ਡੈਲਟਾ ਨੇ ਦੱਸਿਆ ਕਿ ਯਾਤਰਾ ਕਰਨ ਵਾਲੀਆਂ ਸਾਇੰਸ ਤਕਨਾਲੋਜੀ ਇੰਜੀਨੀਰਿੰਗ ਮੈਥ ਸਕੂਲ (ਐੱਸ.ਟੀ.ਈ.ਐੱਮ.) ਤੋਂ ਆਈਆਂ ਇਨ੍ਹਾਂ ਕੁੜੀਆਂ ਨੇ ਇਸ ਦੌਰਾਨ ਉਡਾਣ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਬਰੀਕੀ ਨਾਲ ਸਮਝਿਆ ਅਤੇ ਜਾਣਿਆ।

ਇਸ ਯਾਤਰਾ ਦੌਰਾਨ ਜਹਾਜ਼ ਚਾਲਕ ਦਲ, ਕਰੂ ਮੈਂਬਰ, ਰੈਂਪ ਏਜੰਟ, ਗੇਟ ਏਜੰਟ ਤੱਕ ਦੀ ਸਾਰੀ ਜ਼ਿੰਮੇਵਾਰੀ ਔਰਤਾਂ ਨੇ ਨਿਭਾਈ। ਇਹੀ ਨਹੀਂ ਕੰਟਰੋਲ ਰੂਮ ਤੋਂ ਵੀ ਔਰਤਾਂ ਨੇ ਹੀ ਜਹਾਜ਼ ਚਾਲਕ ਦਲ ਨੂੰ ਨਿਰਦੇਸ਼ ਦਿੱਤੇ। ਵਿਦਿਆਰਥਣਾਂ ਨੇ ਹਿਊਸਟਨ ਵਿਚ ਨਾਸਾ ਦੇ ਹੈੱਡਕੁਆਰਟਰ ਵਿਚ ਕੰਟਰੋਲ ਰੂਮ ਤੋਂ ਲੈ ਕੇ ਜੌਨਸਨ ਸਪੇਸ ਸੈਂਟਰ ਤੱਕ ਦੀ ਸੈਰ ਕੀਤੀ। ਉਨ੍ਹਾਂ ਨੇ ਇੱਥੇ ਪੁਲਾੜ ਯਾਤਰੀ ਅਤੇ ਏਅਰੋਸਪੇਸ ਇੰਜੀਨੀਅਰ ਜੈਨੇਟ ਐਪਸ ਦੇ ਨਾਲ ਦੁਪਹਿਰ ਦਾ ਭੋਜਨ ਵੀ ਕੀਤਾ। ਡੈਲਟਾ ਦੇ ਪਾਇਲਟ ਵਿਕਾਸ ਪ੍ਰੋਗਰਾਮ ਦੇ ਜਨਰਲ ਮੈਨੇਜਰ ਬੇਥ ਪੂਲੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਨੁਮਾਇੰਦਗੀ ਦਾ ਮਾਮਲਾ ਕਾਫੀ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਬੇਥ ਨੇ ਹੀ ਸਾਲ 2015 ਵਿਚ ਇਸ ਆਯੋਜਨ ਦੀ ਸ਼ੁਰਆਤ ਕੀਤੀ ਸੀ।

Vandana

This news is Content Editor Vandana