ਨਿਊਯਾਰਕ ਦੇ ਸ਼ਮਸ਼ਾਨਘਾਟ ਦਾ ਲਾਈਸੈਂਸ ਰੱਦ, ਲਾਸ਼ਾਂ ''ਚੋਂ ਆ ਰਹੀ ਸੀ ਭਿਆਨਕ ਬਦਬੂ

05/02/2020 4:51:45 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਅਮਰੀਕਾ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਜਾਨਲੇਵਾ ਵਾਇਰਸ ਦਾ ਮੁੱਖ ਕੇਂਦਰ ਰਿਹਾ ਨਿਊਯਾਰਕ ਤਾਂ ਕਾਫੀ ਬੁਰੇ ਹਾਲਾਤ ਨਾਲ ਜੂਝ ਰਿਹਾ ਹੈ। ਇੱਥੇ ਟਰੱਕਾਂ ਵਿਚ ਭਰੀਆਂ ਲਾਸ਼ਾਂ ਹੁਣ ਸੜਨ ਲੱਗੀਆਂ ਹਨ। ਇਹਨਾਂ ਲਾਸ਼ਾਂ ਤੋਂ ਆ ਰਹੀ ਬਦਬੂ ਨੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਅਜਿਹੇ ਵਿਚ ਨਿਊਯਾਰਕ ਦੇ ਇਕ ਸ਼ਮਸ਼ਾਨਘਾਟ ਦਾ ਲਾਈਸੈਂਸ ਵੀ ਰੱਦ ਕਰ ਦਿੱਤਾ ਗਿਆ, ਜਿੱਥੇ ਲਾਸ਼ਾਂ ਨੂੰ ਬਿਨਾਂ ਕਿਸੇ ਇੰਤਜ਼ਾਮ ਦੇ ਟਰੱਕਾਂ ਵਿਚ ਭਰ ਕੇ ਰੱਖਿਆ ਗਿਆ ਸੀ। ਲਾਸ਼ਾਂ ਦੇ ਸੜਨ ਕਾਰਨ ਆਉਣ ਵਾਲੀ ਬਦਬੂ ਦੀ ਸ਼ਿਕਾਇਤ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ ਸੀ।

ਬਰੂਕਲਿਨ ਦੇ ਐਂਡਰਿਊ ਟੀ ਕਲੇਕਲੇ ਨਾਮ ਦੇ ਸ਼ਮਸ਼ਾਨਘਾਟ ਵਿਚ ਦਰਜਨਾਂ ਲਾਸ਼ਾਂ ਟਰੱਕਾਂ ਵਿਚ ਭਰੀਆਂ ਪਈਆਂ ਹਨ। ਇਹਨਾਂ ਲਾਸ਼ਾਂ ਨੂੰ ਰੱਖਣ ਲਈ ਫਰਿੱਜ਼ਾਂ ਦਾ ਵੀ ਇੰਤਜ਼ਾਮ ਨਹੀਂ ਹੈ। ਹੈਲਥ ਕਮਿਸ਼ਨਰ ਹੋਵਾਰਡ ਜ਼ੁਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਰੀਖਣ ਦੇ ਬਾਅਦ ਸਿਹਤ ਵਿਭਾਗ ਨੇ ਤੁੰਰਤ ਪ੍ਰਭਾਵ ਨਾਲ ਲਾਈਸੈਂਸ ਨੂੰ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਸ਼ਮਸ਼ਾਨਘਾਟ ਵਿਚ ਜਿਸ ਤਰ੍ਹਾਂ ਲਾਸ਼ਾਂ ਨੂੰ ਰੱਖਿਆ ਗਿਆ ਹੈ ਉਸ ਨੂੰ ਭਿਆਨਕ ਅਤੇ ਪੀੜਤ ਪਰਿਵਾਰਾਂ ਲਈ ਅਪਮਾਨਜਨਕ ਦੱਸਦਿਆਂ ਪੂਰੀ ਤਰ੍ਹਾਂ ਅਸਵੀਕਾਰਯੋਗ ਕਰਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਈਫੇ ਨਿਊਜ਼ ਨੇ ਦਿੱਤੀ। 

ਜ਼ੁਕਰ ਨੇ ਦੱਸਿਆ ਕਿ ਸ਼ਮਸ਼ਾਨਘਾਟ ਆਪਣੀ ਸਮੱਰਥਾ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਕਰਨ ਲਈ ਜ਼ਿੰਮੇਵਾਰ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਟ੍ਰੈਕਰ ਦੇ ਮੁਤਾਬਕ ਨਿਊਯਾਰਕ ਵਿਚ ਕੋਰੋਨਾਵਾਇਰਸ ਦੇ ਕਾਰਨ ਮਰਨ ਵਾਲਿਆਂ ਦਾ ਅੰਕੜਾ 23 ਹਜ਼ਾਰ ਦੇ ਪਾਰ ਚਲਾ ਗਿਆ। ਉੱਧਰ ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 65 ਹਜ਼ਾਰ ਤੋਂ ਵਧੇਰੇ ਹੋ ਗਿਆ ਹੈ। ਇੱਥੇ 11 ਲੱਖ 31 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।


Vandana

Content Editor

Related News