ਯੂਨਾਈਟਿਡ ਸਿੱਖਸ ਨੇ ਨਿਊਯਾਰਕ ਦੇ 30,000 ਲੋਕਾਂ ਲਈ ਲੰਗਰ ਕੀਤਾ ਤਿਆਰ

03/24/2020 5:44:40 PM

ਨਿਊਯਾਰਕ (ਜ.ਬ.)– ਯੂਨਾਈਟਿਡ ਸਿੱਖਸ ਸੰਸਥਾ ਵਲੋਂ ਸਮੁੱਚੇ ਵਿਸ਼ਵ ਵਿਚ ਕੁਦਰਤੀ ਆਫਤਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ। ਕੋਰਨਾਵਾਇਰਸ ਦਾ ਖਤਰਾ ਦੁਨੀਆਂ ਦੇ ਹਰ ਦੇਸ਼ 'ਤੇ ਮੰਡਰਾ ਰਿਹਾ ਹੈ ਅਤੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਸਹਾਇਤਾ ਕਰਨ ਵਾਲਾ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ ਪਰ ਗੁਰੂ ਨਾਨਕ ਦੇਵ ਜੀ ਦੇ ਓਟ ਆਸਰੇ ਨਾਲ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਮਾਨਵਤਾ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਕਿਸੇ ਲਹੂ ਵੀਂਢਵੀ ਜੰਗ ਵਿਚ ਭਾਈ ਘਨਈਆ ਜੀ ਵਲੋਂ ਪਿਲਾਏ ਜਾ ਰਹੇ ਪਾਣੀ ਵਾਂਗ ਦੇ ਰਹੇ ਹਨ।

ਇਕ ਵੀਡੀਓ ਜਾਰੀ ਕਰਕੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਗਿਆ ਹੈ ਅਤੇ ਇਸ ਲੰਗਰ ਦੀ ਸਮਰੱਥਾ 30,000 ਵਿਅਕਤੀਆਂ ਦੀ ਹੈ ਅਤੇ ਇਹ ਲੰਗਰ ਕੁਈਨਜ਼ ਵਿਲੇਜ ਗੁਰੂਘਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਖਿਲਾਫ ਜੰਗ ਲੜ ਰਹੇ ਮੈਡੀਕਲ ਸਟਾਫ, ਪੁਲਸ ਅਧਿਕਾਰੀ ਅਤੇ ਹੋਰ ਵਲੰਟੀਅਰਾਂ ਵਿਚ ਵੀ ਇਹ ਲੰਗਰ ਵਰਤਾਇਆ ਜਾਵੇਗਾ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਇਕ ਵਿਸ਼ਵ ਵਿਆਪੀ ਮਹਾਮਾਰੀ ਹੈ ਅਤੇ ਜਿੱਥੇ ਇਸ ਦੇ ਟਾਕਰੇ ਲਈ ਵਿਗਿਆਨਕ ਪੱਧਰ 'ਤੇ ਹੱਲ ਕੀਤੇ ਜਾ ਰਹੇ ਹਨ ਉੱਥੇ ਸਾਨੂੰ ਸਭ ਨੂੰ ਮਿਲ ਕੇ ਸਰੱਬਤ ਦੇ ਭਲੇ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ।

Baljit Singh

This news is Content Editor Baljit Singh