ਸੰਯੁਕਤ ਰਾਸ਼ਟਰ ਨੇ ਆਪਣੇ ਸਟਾਫ ਦੇ ਪਾਕਿ ਏਅਰਲਾਈਨਜ਼ ਤੋਂ ਸਫਰ ਕਰਨ 'ਤੇ ਲਾਈ ਰੋਕ

01/24/2021 12:53:46 PM

ਇਸਲਾਮਾਬਾਦ (ਬਿਊਰੋ): ਸੰਯੁਕਤ ਰਾਸ਼ਟਰ ਨੇ ਆਪਣੇ ਸਾਰੇ ਸਟਾਫ ਨੂੰ ਪਾਕਿਸਤਾਨ ਵਿਚ ਰਜਿਸਟਰਡ ਏਅਰਲਾਈਨ ਤੋਂ ਸਫਰ ਨਾ ਕਰਨ ਦੀ ਸਲਾਹ ਜਾਰੀ ਕੀਤੀ ਹੈ। ਅਸਲ ਵਿਚ ਪਾਇਲਟਾਂ ਨੂੰ ਫਰਜ਼ੀ ਲਾਇਸੈਂਸ ਜਾਰੀ ਕਰਨ ਦੇ ਖਦਸ਼ੇ ਅਤੇ ਦੋਸ਼ਾਂ ਤਹਿਤ ਸੰਯੁਕਤ ਰਾਸ਼ਟਰ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਪਾਕਿਸਤਾਨੀ ਹਵਾਬਾਜ਼ੀ ਸੇਵਾ ਪਿਛਲੇ ਸਾਲ ਕਰਾਚੀ ਵਿਚ ਹੋਏ ਜਹਾਜ਼ ਹਾਦਸੇ ਮਗਰੋਂ ਵਿਵਾਦਾਂ ਵਿਚ ਹੈ। ਦੇਸ਼ ਦੇ ਮੰਤਰੀ ਖੁਦ ਇਹ ਦਾਅਵਾ ਕਰ ਚੁੱਕੇ ਹਨ ਕਿ ਦੇਸ਼ ਵਿਚ ਵੱਡੀ ਗਿਣਤੀ ਵਿਚ ਪਾਇਲਟਾਂ ਕੋਲ ਫਰਜ਼ੀ ਲਾਇਸੈਂਸ ਹਨ। ਇਹੀ ਨਹੀਂ ਸੰਸਦ ਵਿਚ ਮੰਨਿਆ ਗਿਆ ਹੈ ਕਿ ਤਸਕਰੀ ਜਿਹੇ ਅਪਰਾਧਾਂ ਵਿਚ ਏਅਰਲਾਈਨ ਸਟਾਫ ਫੜਿਆ ਜਾਂਦਾ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਸਾਰੇ ਅੰਗਾਂ ਲਈ ਨਿਰਦੇਸ਼
ਸੰਯੁਕਤ ਰਾਸ਼ਟਰ ਸਿਕਓਰਿਟੀ ਪ੍ਰਬੰਧਨ ਸਿਸਟਮ ਨੇ ਇਕ ਐਡਵਾਇਜਰੀ ਜਾਰੀ ਕਰਦਿਆਂ ਕਿਹਾ ਕਿ ਸਿਵਲ ਐਵੀਏਸ਼ਨ ਅਥਾਰਿਟੀ (ਸੀ.ਏ.ਏ.) ਪਾਕਿਸਤਾਨ ਵੱਲੋਂ ਫਰਜ਼ੀ ਲਾਇਸੈਂਸ ਜਾਰੀ ਕਰਨ ਸਬੰਧੀ ਚੱਲ ਰਹੀ ਜਾਂਚ ਦੇ ਤਹਿਤ, ਪਾਕਿਸਤਾਨ ਵਿਚ ਰਜਿਸਟਰਡ ਏਅਰ ਆਪਰੇਟਰਾਂ ਦੀ ਵਰਤੋਂ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਐਡਵਾਇਜਰੀ ਪਾਕਿਸਤਾਨ ਦੇ ਸਾਰੇ ਕੈਰੀਅਰਾਂ ਲਈ ਹੈ। ਉੱਥੇ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਏਜੰਸੀਆਂ- ਯੂ.ਐੱਨ. ਡਿਵੈਲਪਮੈਂਟ ਪ੍ਰੋਗਰਾਮ, ਵਿਸ਼ਵ ਸਿਹਤ ਸੰਗਠਨ, ਯੂ.ਐੱਨ. ਸ਼ਰਨਾਰਥੀ ਹਾਈ ਕਮਿਸ਼ਨ, ਖਾਧ ਅਤੇ ਖੇਤੀ ਸੰਗਠਨ, ਯੂ.ਐੱਨ. ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ ਆਦਿ ਸਾਰਿਆਂ 'ਤੇ ਇਹ ਨਿਯਮ ਲਾਗੂ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਮਲੇਸ਼ੀਆ 'ਚ ਜ਼ਬਤ ਜਹਾਜ਼ ਨੂੰ ਛੁਡਾਉਣ ਲਈ ਪਾਕਿ ਨੇ ਚੁਕਾਏ 7 ਮਿਲੀਅਨ ਡਾਲਰ

40 ਫੀਸਦੀ ਪਾਇਲਟ ਫਰਜ਼ੀ
ਪਿਛਲੇ ਸਾਲ ਮਈ ਵਿਚ ਕਰਾਚੀ ਹਵਾਈ ਅੱਡੇ ਨੇੜੇ ਇਕ ਰਿਹਾਇਸ਼ੀ ਇਲਾਕੇ ਵਿਚ ਜਹਾਜ਼ ਕਰੈਸ਼ ਹੋਣ ਮਗਰੋਂ ਪਾਕਿਸਤਾਨੀ ਏਅਰ ਸੇਵਾ ਵਿਚ ਧੋਖਾਧੜੀ ਅਤੇ ਲਾਪਰਵਾਹੀ ਦੇ ਕਈ ਮਾਮਲੇ ਸਾਹਮਣੇ ਆਏ ਸਨ। ਪੀ.ਆਈ.ਏ. ਦੇ ਕਰੀਬ 40 ਫੀਸਦੀ ਪਾਇਲਟ ਫਰਜ਼ੀ ਹੁੰਦੇ ਹਨ। ਇਹੀ ਨਹੀਂ ਇਮਰਾਨ ਖਾਨ ਦੀ ਪਾਰਟੀ ਦੀ ਬੁਲਾਰਨ ਨੇ ਕਿਹਾ ਹੈ ਕਿ ਇਹ ਗੱਲ ਵੀ ਸਾਰਿਆਂ ਨੂੰ ਪਤਾ ਹੈ ਕਿ ਪੀ.ਆਈ.ਏ. ਸਟਾਫ ਪਹਿਲਾਂ ਵੀ ਕਈ ਵਾਰ ਤਸਕਰੀ ਮਾਮਲੇ ਵਿਚ ਫੜਿਆ ਜਾ ਚੁੱਕਿਆ ਹੈ।

ਮੁੜ ਦਿੱਤੀ ਗਈ ਇਜਾਜ਼ਤ
ਕਰਾਚੀ ਕ੍ਰੈਸ਼ ਦੇ ਬਾਅਦ ਸਰਵਾਰ ਖਾਨ ਨੇ ਕਿਹਾ ਸੀ ਕਿ ਪਿਛਲੇ ਸਾਲ ਇਕ ਜਾਂਚ ਵਿਚ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ 860 ਐਕਟਿਵ ਪਾਇਲਟਾਂ ਵਿਚੋਂ 262 ਪਾਇਲਟਾਂ ਕੋਲ ਜਾਂ ਤਾਂ ਫਰਜ਼ੀ ਲਾਇਸੈਂਸ ਸਨ ਜਾਂ ਉਹਨਾਂ ਨੇ ਆਪਣੀ ਪ੍ਰੀਖਿਆ ਵਿਚ ਧੋਖਾਧੜੀ ਕੀਤੀ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਪਾਇਲਟਾਂ ਨਾ ਕਦੇ ਪ੍ਰੀਖਿਆ ਦਿੱਤੀ ਹੁੰਦੀ ਹੈ ਅਤੇ ਨਾ ਹੀ ਇਹਨਾਂ ਕੋਲ ਜਹਾਜ਼ ਉਡਾਉਣ ਦਾ ਸਹੀ ਅਨੁਭਵ ਹੁੰਦਾ ਹੈ। ਪਾਕਿਸਤਾਨ ਦੀ ਲਾਪਰਵਾਹੀ ਉਦੋਂ ਉਜਾਗਰ ਹੋ ਗਈ ਸੀ ਜਦੋਂ ਕਈ ਅਧਿਕਾਰੀ ਬਰਖਾਸਤ ਕੀਤੇ ਗਏ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ 141 ਪਾਇਲਟਾਂ ਵਿਚੋਂ 110 ਨੂੰ ਮੁੜ ਜਹਾਜ਼ ਉਡਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana