ਸੰਯੁਕਤ ਰਾਸ਼ਟਰ ਨੇ ਜਲਵਾਯੂ ਪਰਿਵਰਤਨ 'ਤੇ ਭਾਰਤ ਦੀ ਕੀਤੀ ਤਰੀਫ

01/13/2018 4:05:17 PM

ਸੰਯੁਕਤ ਰਾਸ਼ਟਰ(ਬਿਊਰੋ)— ਸੰਯੁਕਤ ਰਾਸ਼ਟਰ ਨੇ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਨਾਲ ਲੜਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਅਤੇ ਪੱਕੀ ਵਚਨਬੱਧਤਾ ਦਿਖਾਉਣ ਲਈ ਭਾਰਤ ਅਤੇ ਚੀਨ ਦੀ ਤਰੀਫ ਕੀਤੀ ਹੈ। ਉਸ ਨੇ ਕਿਹਾ ਹੈ ਕਿ ਅਜਿਹੇ ਸਮੇਂ ਵਿਚ ਜਦੋਂ ਦੂਜੇ ਦੇਸ਼ ਪਿੱਛੇ ਹੱਟ ਰਹੇ ਹਨ, ਭਾਰਤ ਅਤੇ ਚੀਨ ਨੇ ਮਿਸਾਲ ਪੇਸ਼ ਕੀਤੀ ਹੈ। ਇਸ ਗਲੋਬਲ ਸੰਸਥਾ ਦੇ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਦੁਨੀਆ ਭਰ ਵਿਚ ਮੌਸਮ ਵਿਚ ਆ ਰਹੇ ਬਦਲਾਵਾਂ ਕਾਰਨ ਅਫਰੀਕੀ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਉਹ ਸ਼ੁੱਕਰਵਾਰ ਨੂੰ ਇੱਥੇ ਮਿਸਰ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਸਮੂਹ ਜੀ 77 ਐਂਡ ਚਾਈਨਾ ਦੀ ਪ੍ਰਧਾਨਗੀ ਸੌਂਪੇ ਜਾਣ ਦੇ ਮੌਕੇ 'ਤੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਦੱਸਣਯੋਗ ਹੈ ਕਿ ਮਿਸਰ ਤੋਂ ਪਹਿਲਾਂ ਇਕਵਾਡੋਰ ਇਸ ਸਮੂਹ ਦਾ ਪ੍ਰਧਾਨ ਸੀ। ਗੁਤਾਰੇਸ ਨੇ ਕਿਹਾ ਸਾਨੂੰ ਜਲਵਾਯੂ ਪਰਿਵਰਤਨ ਤੋਂ ਹਾਰਨਾ ਨਹੀਂ ਹੈ ਪਰ ਅਜੇ ਤੱਕ ਅਸੀਂ ਉਸ ਤੋਂ ਜਿੱਤ ਵੀ ਨਹੀਂ ਸਕੇ। ਜੀ 77 ਦੇਸ਼ ਖਾਸ ਕੇ ਅਫਰੀਕੀ ਦੇਸ਼ਾਂ ਵਿਚ ਇਸ ਕਾਰਨ ਸੋਕੇ ਦੀ ਸਥਿਤੀ ਪੈਦਾ ਹੋ ਰਹੀ ਹੈ। ਛੋਟੇ-ਛੋਟੇ ਦੀਪਾਂ ਵਾਲੇ ਦੇਸ਼ ਸਮੁੰਦਰੀ ਤੂਫਾਨ ਦੀ ਲਪੇਟ ਵਿਚ ਆ ਰਹੇ ਹਨ। ਸਮੁੰਦਰ ਦਾ ਜਲ ਪੱਧਰ ਵਧਣ ਨਾਲ ਵੀ ਉਨ੍ਹਾਂ ਦੀ ਹੋਂਦ ਨੂੰ ਖਤਰਾ ਹੈ ਪਰ ਇਸ ਦੇ ਨਾਲ ਹੀ ਜੀ 77 ਦੇ 2 ਵੱਡੇ ਦੇਸ਼ ਭਾਰਤ ਅਤੇ ਚੀਨ ਇਨ੍ਹਾਂ ਬੁਰੇ ਪ੍ਰਭਾਵਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਨੇ ਅਮਰੀਕਾ ਦਾ ਨਾਂ ਲਏ ਬਿਨਾਂ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਲੈ ਕੇ ਕੁੱਝ ਦੇਸ਼ ਪਿੱਛੇ ਹੱਟ ਰਹੇ ਹਨ। ਉਹ ਵੀ ਉਦੋਂ ਜਦੋਂ ਕਿ ਇਸ ਦੇ ਖਤਰੇ ਵਧਦੇ ਹੀ ਜਾ ਰਹੇ ਹਨ। ਜੇਕਰ ਅਸੀਂ ਇਸ ਤੋਂ ਨਹੀਂ ਜਿੱਤ ਸਕੇ ਤਾਂ ਸਥਿਤੀ ਬਦਤਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਖੁਦ ਨੂੰ ਜਲਵਾਯੂ ਪਰਿਵਰਤਨ 'ਤੇ ਪੈਰਿਸ ਸਮਝੌਤੇ ਤੋਂ ਵੱਖ ਕਰ ਲਿਆ ਸੀ।