ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਲਈ ਸੰਯੁਕਤ ਰਾਸ਼ਟਰ ਨੇ ਕੀਤਾ ਇਸ਼ਾਰਾ

11/16/2017 2:57:53 AM

ਵੈਨਕੂਵਰ - ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਦਾ ਸੰਯੁਕਤ ਰਾਸ਼ਟਰ ਵੱਲੋਂ ਇਸ਼ਾਰਾ ਕਰ ਦਿੱਤਾ ਗਿਆ ਹੈ। ਕੈਨੇਡਾ ਨੇ ਇਕ ਵੱਡੇ ਮਿਸ਼ਨ 'ਚ ਸ਼ਮੂਲੀਅਤ ਕਰਨ ਦੀ ਥਾਂ ਕਈ ਤਰਾਂ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ।
ਅਧੂਰੇ ਤੌਰ 'ਤੇ ਟਰੂਡੋ ਸਰਕਾਰ ਆਖਿਰਕਾਰ ਸੰਯੁਕਤ ਰਾਸ਼ਟਰ ਦੀਆਂ ਪੀਸਕੀਪਿੰਗ ਕੋਸ਼ਿਸ਼ਾਂ 'ਚ ਪਾਏ ਜਾਣ ਵਾਲੇ ਆਪਣੇ ਯੋਗਦਾਨ ਤੋਂ ਪਰਦਾ ਹਟਾਉਣ ਲਈ ਰਾਜ਼ੀ ਤਾਂ ਹੋਈ। ਲਿਬਰਲਾਂ ਵੱਲੋਂ ਇਕ ਸਾਲ ਪਹਿਲਾਂ 600 ਕੈਨੇਡੀਅਨ ਫੌਜੀ ਟੁਕੜੀਆਂ ਅਤੇ 150 ਪੁਲਸ ਅਧਿਕਾਰੀ ਭੇਜਣ ਦਾ ਵਾਅਦਾ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਹੁਣ ਇਕ ਮਿਸ਼ਨ 'ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਕੈਨੇਡਾ ਵੱਲੋਂ ਹੈਲੀਕਾਪਟਰਜ਼, ਟਰੇਨਰਜ਼ ਅਤੇ ਕਈ ਤਰ੍ਹਾਂ ਦੇ ਮਿਸ਼ਨਜ਼ ਲਈ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਕ ਇੰਟਰਵਿਊ 'ਚ ਸੰਯੁਕਤ ਰਾਸ਼ਟਰ ਦੇ ਅੰਡਰਸੈਕਟੀ ਜਨਰਲ ਨੇ ਆਖਿਆ ਕਿ ਭਾਵੇਂ ਇਸ ਪਹੁੰਚ ਨੂੰ ਬਹੁਤਾ ਕਾਰਗਰ ਨਹੀਂ ਮੰਨਿਆ ਜਾ ਸਕਦਾ ਪਰ ਕੈਨੇਡਾ ਵਰਗੇ ਵਿਕਸਤ ਮੁਲਕ ਵੱਲੋਂ ਜਦੋਂ ਇਹੋ ਜਿਹੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਵੀ ਠੀਕ ਹੀ ਲੱਗਦੀ ਹੈ। ਫੀਲਡ 'ਚ ਪੀਸਕੀਪਿੰਗ ਮਿਸ਼ਨ ਦੀ ਰੋਜ਼ਾਨਾ ਕਾਰਵਾਈ ਦੀ ਨਿਗਰਾਨੀ ਕਰਨ ਵਾਲੇ ਅਤੁਲ ਖਰੇ ਨੇ ਦੱਸਿਆ ਕਿ ਕਈ ਮਿਸ਼ਨ ਲੰਮਾਂ ਸਮਾਂ ਚੱਲਣ ਵਾਲੇ ਨਹੀਂ ਹੁੰਦੇ। ਅਜਿਹੇ ਮਾਮਲੇ 'ਚ ਕੈਨੇਡਾ ਬਿਹਤਰੀਨ ਸਾਜ਼ੋ-ਸਮਾਨ ਅਤੇ ਕਰਮਚਾਰੀ ਮੁਹੱਈਆ ਕਰਵਾ ਕੇ ਵਧੀਆ ਯੋਗਦਾਨ ਪਾ ਸਕਦਾ ਹੈ।
ਖਰੇ ਨੇ ਆਖਿਆ ਕਿ ਉੱਚ ਤਕਨਾਲੋਜੀ ਦੇ ਖੇਤਰਾਂ, ਇੰਜੀਨੀਅਰਾਂ, ਹਸਪਤਾਲਾਂ ਤੇ ਡਾਕਟਰਾਂ ਤੋਂ ਇਲਾਵਾ ਸਟਰੈਟੇਜਿਕ ਏਅਰਲਿਫਟ ਅਤੇ ਟੈਕਟੀਕਲ ਏਅਰਲਿਫਟ ਦੇ ਮਾਮਲੇ 'ਚ ਵਿਕਸਤ ਦੇਸ਼ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਐਨੀ ਸਮਰਥਾ ਹੁੰਦੀ ਹੈ। ਫਿਲੀਪੀਨਜ਼ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਆਖਿਆ ਕਿ ਕੈਨੇਡਾ ਯਕੀਨੀ ਬਣਾਵੇਗਾ ਕਿ ਉਸ ਦੇ ਯੋਗਦਾਨ ਦਾ ਸਾਰਿਆਂ 'ਤੇ ਸਕਾਰਾਤਮਕ ਪ੍ਰਭਾਵ ਪਵੇ।