ਮਸੂਦ ਮਾਮਲੇ ''ਤੇ ਮੈਂਬਰ ਦੇਸ਼ ਨਾਰਾਜ਼, ਕਿਹਾ- ਕਰਨਗੇ ਦੂਜੇ ਵਿਕਲਪ ''ਤੇ ਵਿਚਾਰ

03/14/2019 1:04:00 PM

ਵਾਸ਼ਿੰਗਟਨ (ਭਾਸ਼ਾ)— ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਦੇ ਰਸਤੇ ਵਿਚ ਚੀਨ ਨੇ ਚੌਥੀ ਵਾਰ ਰੁਕਾਵਟ ਪਾਈ। ਇਸ ਗੱਲ ਨਾਲ ਨਾਰਾਜ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਮੈਂਬਰ ਦੇਸ਼ਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੀਨ ਆਪਣੀ ਇਸ ਨੀਤੀ 'ਤੇ ਅੜਿਆ ਰਿਹਾ ਤਾਂ ਜ਼ਿੰਮੇਵਾਰ ਮੈਂਬਰ ਪਰੀਸ਼ਦ ਵਿਚ ਹੋਰ ਕਦਮ ਚੁੱਕਣ 'ਤੇ ਮਜਬੂਰ ਹੋ ਸਕਦੇ ਹਨ।

ਸੁਰੱਖਿਆ ਪਰੀਸ਼ਦ ਦੇ ਇਕ ਦੂਤ ਨੇ ਚੀਨ ਨੂੰ ਅਸਧਾਰਨ ਸਖਤ ਚਿਤਾਵਨੀ ਦਿੰਦਿਆਂ ਕਿਹਾ,''ਜੇਕਰ ਚੀਨ ਇਸ ਕੰਮ ਵਿਚ ਰੁਕਾਵਟ ਪਾਉਣੀ ਜਾਰੀ ਰੱਖਦਾ ਹੈ ਤਾਂ ਜ਼ਿੰਮੇਵਾਰ ਮੈਂਬਰ ਦੇਸ਼ ਸੁਰੱਖਿਆ ਪਰੀਸ਼ਦ ਵਿਚ ਹੋਰ ਕਦਮ ਚੁੱਕੇ ਜਾਣ ਲਈ ਮਜਬੂਰ ਹੋ ਸਕਦੇ ਹਨ। ਅਜਿਹੀ ਸਥਿਤੀ ਪੈਦਾ ਨਹੀਂ ਹੋਣ ਦੇਣੀ ਚਾਹੀਦੀ।'' ਦੂਤ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ।

ਸੁਰੱਖਿਆ ਪਰੀਸ਼ਦ ਵਿਚ ਇਕ ਹੋਰ ਦੂਤ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਚੀਨ ਨੇ ਚੌਥੀ ਵਾਰ  ਗਲੋਬਲ ਅੱਤਵਾਦੀ ਸੂਚੀ ਵਿਚ ਅਜ਼ਹਰ ਨੂੰ ਸ਼ਾਮਲ ਕੀਤੇ ਜਾਣ ਦੇ ਕਦਮ ਨੂੰ ਰੋਕਿਆ ਹੈ। ਚੀਨ ਨੂੰ ਕਮੇਟੀ ਨੂੰ ਆਪਣਾ ਉਹ ਕੰਮ ਕਰਨ ਤੋਂ ਰੋਕਣਾ ਨਹੀਂ ਚਾਹੀਦਾ, ਜੋ ਸੁਰੱਖਿਆ ਪਰੀਸ਼ਦ ਨੇ ਉਸ ਨੂੰ ਸੌਂਪਿਆ ਹੈ।'' ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਵਿਚ ਹੋਣ ਵਾਲਾ ਵਿਚਾਰ ਵਟਾਂਦਰਾ ਗੁਪਤ ਹੁੰਦਾ ਹੈ ਅਤੇ ਇਸ ਲਈ ਮੈਂਬਰ ਦੇਸ਼ ਜਨਤਕ ਰੂਪ ਨਾਲ ਇਸ 'ਤੇ ਟਿੱਪਣੀ ਨਹੀਂ ਕਰ ਸਕਦੇ। ਇਸ ਲਈ ਦੂਤਾਂ ਨੇ ਵੀ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਅਪੀਲ ਕੀਤੀ। 

ਦੂਤ ਨੇ ਕਿਹਾ,'ਚੀਨ ਦਾ ਇਹ ਕਦਮ ਅੱਤਵਾਦ ਵਿਰੁੱਧ ਲੜਨ ਅਤੇ ਦੱਖਣੀ ਏਸ਼ੀਆ ਵਿਚ ਖੇਤਰੀ ਸਥਿਰਤਾ ਨੂੰ ਵਧਾਵਾ ਦੇਣ ਦੇ ਉਸ ਵੱਲੋਂ ਦੱਸੇ ਟੀਚਿਆਂ ਦੇ ਉਲਟ ਹੈ।'' ਉਨ੍ਹਾਂ ਨੇ ਪਾਕਿਸਤਾਨ ਦੀ ਜ਼ਮੀਨ 'ਤੇ ਸਰਗਰਮ ਅੱਤਵਾਦੀ ਸਮੂਹਾਂ ਅਤੇ ਉਸ ਦੇ ਮੁਖੀਆਂ ਨੂੰ ਬਚਾਉਣ ਲਈ ਚੀਨ 'ਤੇ ਨਿਰਭਰ ਰਹਿਣ ਲਈ ਪਾਕਿਸਤਾਨ ਦੀ ਵੀ ਆਲੋਚਨਾ ਕੀਤੀ। ਅਮਰੀਕੀ ਕਾਂਗਰਸ ਮੈਂਬਰ ਬ੍ਰੈਡ ਸ਼ੇਰਮੈਨ ਨੇ ਚੀਨ ਦੇ ਇਸ ਕਦਮ ਨੂੰ ਨਾ ਮੰਨਣਯੋਗ ਕੰਮ ਕਰਾਰ ਦਿੱਤਾ ਅਤੇ ਕਿਹਾ,''ਚੀਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਨੂੰ ਉਸ ਜੈਸ਼ ਮੁਖੀ ਮਸੂਦ 'ਤੇ ਪਾਬੰਦੀ ਲਗਾਉਣ ਤੋਂ ਰੋਕ ਦਿੱਤਾ ਜਿਸ ਨੇ ਫਰਵਰੀ ਨੂੰ ਭਾਰਤ ਵਿਚ ਪੁਲਵਾਮਾ ਹਮਲਾ ਕੀਤਾ ਸੀ। ਮੈਂ ਚੀਨ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਯੁਕਤ ਰਾਸ਼ਟਰ ਨੂੰ ਮਸੂਦ 'ਤੇ ਪਾਬੰਦੀ ਲਗਾਉਣ ਦੇਵੇ।'' ਹੈਰੀਟੇਜ਼ ਫਾਊਂਡੇਸ਼ਨ ਦੇ ਜੈਫ ਸਮਿਥ ਅਤੇ ਅਮੇਰਿਕਨ ਇੰਟਰਪ੍ਰਾਈਜ਼ ਇੰਸਟੀਚਿਊਟ ਦੇ ਸਦਾਨੰਦ ਧੂਮੇ ਸਮੇਤ ਅਮਰੀਕੀ ਥਿੰਕ ਟੈਂਕ ਦੇ ਕਈ ਮੈਂਬਰਾਂ ਨੇ ਵੀ ਚੀਨ ਦੇ ਇਸ ਕਦਮ ਦੀ ਨਿੰਦਾ ਕੀਤੀ।

Vandana

This news is Content Editor Vandana