ਪਹਿਲੀ ਵਾਰ ਬਜ਼ੁਰਗਾਂ ਦੀ ਆਬਾਦੀ 5 ਸਾਲ ਤੱਕ ਦੇ ਬੱਚਿਆਂ ਨਾਲੋਂ ਵੱਧ

07/11/2019 2:01:10 PM

ਵਾਸ਼ਿੰਗਟਨ (ਏਜੰਸੀ)— ਅੱਜ ਵਿਸ਼ਵ ਜਨਸੰਖਿਆ ਦਿਵਸ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਪਹਿਲੀ ਵਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ 5 ਸਾਲ ਤੱਕ ਦੇ ਬੱਚਿਆਂ ਨਾਲੋਂ ਜ਼ਿਆਦਾ ਹੋ ਗਈ ਹੈ। ਸਾਲ 2050 ਵਿਚ ਬਜ਼ੁਰਗਾਂ ਦੀ ਗਿਣਤੀ ਬੱਚਿਆਂ ਨਾਲੋਂ ਦੁਗਣੀ ਹੋਵੇਗੀ। ਉਦੋਂ 210 ਕਰੋੜ ਬਜ਼ੁਰਗ ਹੋਣਗੇ। ਇੱਥੇ ਦੱਸ ਦਈਏ ਕਿ 2027 ਵਿਚ ਭਾਰਤ 145 ਕਰੋੜ ਆਬਾਦੀ ਦੇ ਨਾਲ ਚੀਨ ਨੂੰ ਪਿੱਛੇ ਛੱਡ ਦੇਵੇਗਾ। ਭਾਵੇਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਵੇਗਾ। 12 ਹਜ਼ਾਰ ਸਾਲਾਂ ਵਿਚੋਂ 6200 ਸਾਲ ਭਾਰਤ ਦੀ ਆਬਾਦੀ ਦੁਨੀਆ ਵਿਚ ਸਭ ਤੋਂ ਵੱਧ ਰਹੀ। 

ਹਿਸਟਰੀ ਡਾਟਾ ਬੇਸ ਆਫ ਦੀ ਗਲੋਬਲ ਇਨਵਾਇਰਮੈਂਟ ਰਿਪੋਰਟ ਮੁਤਾਬਕ 12 ਹਜ਼ਾਰ ਸਾਲ ਵਿਚ ਦੁਨੀਆ ਵਿਚ ਜਨਮੇ ਲੋਕਾਂ ਵਿਚੋਂ 49.7 ਫੀਸਦੀ ਭਾਰਤ ਅਤੇ ਚੀਨ ਵਿਚ ਪੈਦਾ ਹੋਏ। ਈਸਾ ਪੂਰਬ 4440 ਤੋਂ 1760 ਈਸਵੀ ਤੱਕ ਭਾਰਤ ਦੀ ਆਬਾਦੀ ਚੀਨ ਤੋਂ ਵੱਧ ਰਹੀ। ਫਿਰ ਚੀਨ ਪਹਿਲੇ ਨੰਬਰ 'ਤੇ ਆ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਈਸਾ ਪੂਰਬ 10 ਹਜ਼ਾਰ ਸਾਲ ਤੱਕ ਸਭ ਤੋਂ ਵੱਧ ਆਬਾਦੀ ਮੈਕਸੀਕੋ ਵਿਚ ਸੀ। ਈਸਾ ਪੂਰਬ 5050 ਵਿਚ ਚੀਨ ਦੀ ਆਬਾਦੀ ਸਭ ਤੋਂ ਵੱਧ ਹੋ ਗਈ। ਹੁਣ ਤੱਕ 10 ਹਜ਼ਾਰ ਕਰੋੜ ਲੋਕ ਪੈਦਾ ਹੋਏ। ਇਨ੍ਹਾਂ ਵਿਚੋਂ 6.9 ਫੀਸਦੀ ਆਬਾਦੀ ਜਿਉਂਦੀ ਹੈ।

ਦੁਨੀਆ ਦਾ ਹਰ 11ਵਾਂ ਸ਼ਖਸ ਬਜ਼ੁਰਗ
2019 ਵਿਚ ਦੁਨੀਆ ਦੀ ਆਬਾਦੀ 770 ਕਰੋੜ ਹੈ। ਇਸ ਵਿਚ ਚੀਨ ਅਤੇ ਭਾਰਤ ਦਾ ਹਿੱਸਾ ਕ੍ਰਮਵਾਰ 19 ਅਤੇ 18 ਫੀਸਦੀ ਹੈ ਮਤਲਬ 37 ਫੀਸਦੀ ਆਬਾਦੀ ਸਿਰਫ ਦੋ ਦੇਸ਼ਾਂ ਵਿਚ ਹੈ। ਮੌਜੂਦਾ ਦਰ ਨਾਲ 2050 ਤੱਕ ਭਾਰਤ ਦੀ ਆਬਾਦੀ 27.3 ਕਰੋੜ ਵਧੇਗੀ। ਹਾਲੇ ਦੁਨੀਆ ਦਾ ਹਰੇਕ 11ਵਾਂ ਸ਼ਖਸ ਬਜ਼ੁਰਗ ਹੈ। ਸਾਲ 2050 ਤੱਕ ਹਰੇਕ 6ਵਾਂ ਸ਼ਖਸ ਬਜ਼ੁਰਗ ਹੋਵੇਗਾ। ਉਦੋਂ ਦੁਨੀਆ ਵਿਚ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਨਾਲੋਂ ਵੱਧ ਹੋਵੇਗੀ। ਅੰਕੜਿਆਂ ਮੁਤਾਬਕ 0-4 ਸਾਲ ਦੀ 7.5 ਫੀਸਦੀ, 5-14 ਸਾਲ ਦੀ 19.5 ਫੀਸਦੀ, 15-24 ਸਾਲ ਦੀ 16.3 ਫੀਸਦੀ, 25-64 ਸਾਲ ਦੀ 49.5 ਫੀਸਦੀ ਅਤੇ 65 ਤੋਂ ਉੱਪਰ 8.2 ਫੀਸਦੀ ਆਬਾਦੀ ਹੈ।

Vandana

This news is Content Editor Vandana