ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਵਿਵਾਦਤ ਬ੍ਰੈਗਜ਼ਿਟ ਬਿੱਲ ਨੇ ਸੰਸਦ ਵਿਚ ਪਹਿਲੀ ਅੜਚਣ ਕੀਤੀ ਪਾਰ

09/15/2020 6:59:12 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਵਿਵਾਦਤ ਅੰਦਰੂਨੀ ਬਾਜ਼ਾਰ ਬਿੱਲ ਨੇ ਸੰਸਦ ਵਿਚ ਪਹਿਲੀ ਅੜਚਣ ਪਾਰ ਕਰ ਲਈ ਹੈ। ਇਸ ਬਿੱਲ ਰਾਹੀਂ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਿਚਾਲੇ ਹੋਏ ਸਮਝੌਤੇ ਦੀਆਂ ਕੁਝ ਸ਼ਰਤਾਂ ਵਿਚ ਬਦਲਾਅ ਕੀਤਾ ਗਿਆ ਹੈ। ਹਾਊਸ ਆਫ ਕਾਮਨਸ ਵਿਚ ਹੋਈ ਵੋਟਿੰਗ ਦੌਰਾਨ ਬਿੱਲ ਦੇ ਪੱਖ ਵਿਚ 340 ਵਿਚੋਂ 263 ਵੋਟਾਂ ਪਈਆਂ। ਵਿਰੋਧੀ ਧਿਰਾਂ ਅਤੇ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨ ਵਾਲਾ ਇਹ ਬਿੱਲ ਜਿਵੇਂ-ਜਿਵੇਂ ਸੰਸਦੀ ਪ੍ਰਕਿਰਿਆ ਤਹਿਤ ਅੱਗੇ ਵਧੇਗਾ, ਇਸ ਦਾ ਵਿਰੋਧ ਤੇਜ਼ ਹੋਣ ਦੀ ਵੀ ਮਜ਼ਬੂਤ ਸੰਭਾਵਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਯੂਰਪੀ ਸੰਘ ਦੇ ਨਾਲ ਭਵਿੱਖ ਦੇ ਵਪਾਰ ਸੌਦਿਆਂ ਨੂੰ ਲੈ ਕੇ ਚੱਲ ਰਹੀ ਵਾਰਤਾ ਅਸਫਲ ਹੋ ਜਾਂਦੀ ਹੈ ਤਾਂ ਇਹ ਬਿੱਲ ਉੱਤਰੀ ਆਇਰਲੈਂਡ ਅਤੇ ਬਾਕੀ ਬ੍ਰਿਟੇਨ ਦੇ ਹਿੱਤਾਂ ਦੀ ਰਾਖੀ ਵਿਚ ਮਹੱਤਵਪੂਰਨ ਸਾਬਿਤ ਹੋਵੇਗਾ।

ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੋਣ ਨਾਲ ਇਸ ਤੋਂ ਬ੍ਰਿਟੇਨ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸੱਤਾਧਾਰੀ ਟੋਰੀ ਪਾਰਟੀ ਦੇ ਦੋ ਸੰਸਦ ਮੈਂਬਰਾਂ ਸਰ ਰੋਜਰ ਗੇਲ ਅਤੇ ਐਂਡ੍ਰਿਊ ਪਰਸੀ ਨੇ ਸੋਮਵਾਰ ਰਾਤ ਹੋਈ ਵੋਟਿੰਗ ਵਿਚ ਬਿੱਲ ਦੇ ਖਿਲਾਫ ਵੋਟ ਦਿੱਤੀ ਜਦੋਂ ਕਿ 30 ਮੈਂਬਰ ਗੈਰ ਹਾਜ਼ਰ ਰਹੇ। ਵੋਟਿੰਗ ਤੋਂ ਪਹਿਲਾਂ ਸੋਮਵਾਰ ਸ਼ਾਮ ਇਸ ਬਿੱਲ 'ਤੇ ਲਗਭਗ ਪੰਜ ਘੰਟੇ ਤੱਕ ਬਹਿਸ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ ਕਿ ਇਹ ਬਿੱਲ ਬ੍ਰਿਟੇਨ ਦੀ ਆਰਥਿਕ ਅਤੇ ਰਾਜਨੀਤਕ ਅਖੰਡਤਾ ਯਕੀਨੀ ਕਰੇਗਾ। ਇਸ ਬਿੱਲ ਵਿਚ ਇਕ ਜਨਵਰੀ ਨੂੰ ਬ੍ਰਿਟੇਨ ਦੇ ਯੂਰਪੀ ਸੰਘ ਦੇ ਸਿੰਗਲ ਬਾਜ਼ਾਰ ਅਤੇ ਨਿਯਮਾਂ ਤੋਂ ਬਾਹਰ ਨਿਕਲਣ ਤੋਂ ਬਾਅਦ ਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਵਿਚਾਲੇ ਵਸਤਾਂ ਅਤੇ ਸੇਵਾਵਾਂ ਦੇ ਮੁਕਤ ਲੈਣ-ਦੇਣ ਦੀ ਗੱਲ ਕਹੀ ਗਈ ਹੈ। ਇਸ ਬਿੱਲ ਤੋਂ ਸਰਕਾਰ ਨੂੰ ਈ.ਯੂ. ਤੋਂ ਬਾਹਰ ਨਿਕਲਣ ਲਈ ਹੋਏ ਸਮਝੌਤਿਆਂ ਵਿਚ ਬਦਲਾਅ ਦੀ ਸ਼ਕਤੀ ਮਿਲ ਗਈ ਹੈ, ਜਦੋਂ ਕਿ ਈ.ਯੂ. ਨਾਲ ਹੋਇਆ ਉਸ ਦਾ ਸਮਝੌਤਾ ਕਾਨੂੰਨੀ ਤੌਰ ਤੇ ਜ਼ਬਰਦਸਤੀ ਹੈ ਅਤੇ ਉਸ ਵਿਚ ਬਦਲਾਅ ਨਹੀਂ ਕੀਤਾ ਜਾ ਸਕਦਾ।

sunita

This news is Content Editor sunita