ਯੂਨਾਈਟਡ ਖਾਲਸਾ ਦਲ ਯੂ.ਕੇ. ਵਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਦੇ ਵੀਜ਼ੇ ਬੰਦ ਕਰਨ ਦੀ ਅਪੀਲ

01/14/2018 4:11:46 AM

ਲੰਡਨ (ਸਮਰਾ)— ਇੰਗਲੈਂਡ, ਕੈਨੇਡਾ ਤੇ ਅਮਰੀਕਾ 'ਚ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਸਰਕਾਰ ਦੇ ਨੁਮਾਇੰਦਿਆਂ, ਸਰਕਾਰੀ ਅਫ਼ਸਰਾਂ ਤੇ ਪੰਜਾਬ 'ਚ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੋਲਣ ਤੇ ਸਨਮਾਨ ਪ੍ਰਾਪਤ ਕਰਨ 'ਤੇ ਪੂਰਨ ਰੂਪ ਵਿਚ ਲਗਾਈ ਪਾਬੰਦੀ ਤੋਂ ਬਾਅਦ ਹੁਣ ਯੂਨਾਈਟਡ ਖ਼ਾਲਸਾ ਦਲ ਯੂ.ਕੇ. ਨੇ ਢਾਈ ਸੌ ਪੁਲਸ ਅਧਿਕਾਰੀਆਂ ਦੇ ਉਕਤ ਦੇਸ਼ਾਂ 'ਚ ਦਾਖਲਾ ਬੰਦ ਕਰਨ ਲਈ ਇਕ ਸੂਚੀ ਗ੍ਰਹਿ ਵਿਭਾਗਾਂ ਤੇ ਅੰਬੈਸੀਆਂ ਨੂੰ ਭੇਜੀ ਹੈ। ਯੂਨਾਈਟਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇੰਗਲੈਂਡ ਦੇ ਹੋਮ ਆਫ਼ਿਸ, ਕੈਨੇਡਾ ਤੇ ਅਮਰੀਕਾ ਦੇ ਦੂਤਘਰਾਂ ਨੂੰ ਉਕਤ ਕਾਲੀ ਤੇ ਖੂਨੀ ਸੂਚੀ ਭੇਜਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਆਮਦ ਨਾਲ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੂੰ ਮਾਨਸਿਕ ਪੀੜਾ 'ਚੋਂ ਗੁਜ਼ਰਨਾ ਪੈਂਦਾ ਹੈ। ਯੂਨਾਈਟਡ ਖਾਲਸਾ ਦਲ ਯੂ.ਕੇ. ਵਲੋਂ ਭੇਜੀ ਇਸ ਸੂਚੀ 'ਚ ਉਨ੍ਹਾਂ ਪੁਲਸ ਅਧਿਕਾਰੀਆਂ ਦੇ ਨਾਂ ਦਰਜ ਹਨ, ਜਿਨ੍ਹਾਂ ਖਿਲਾਫ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਸ਼ਹੀਦ ਕਰਨ, ਅਣਮਨੁੱਖੀ ਤਸ਼ੱਦਦ ਕਰਨ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹਨ।