UAE ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਹੁਣ ਮਲਟੀਪਲ ਐਂਟਰੀ ਅਤੇ ਵਰਕ ਵੀਜ਼ਾ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ

03/23/2021 5:38:14 PM

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਐਤਵਾਰ ਨੂੰ ਵਰਕਰਾਂ ਲਈ ਦੋ ਨਵੇਂ ਵੀਜ਼ਿਆਂ ਦਾ ਐਲਾਨ ਕੀਤਾ ਹੈ। ਇਹਨਾਂ ਦੋਹਾਂ ਵਿਚੋਂ ਇਕ ਰਿਮੋਟ ਵਰਕ ਵੀਜ਼ਾ ਹੈ ਜਦਕਿ ਦੂਜਾ ਮਲਟੀਪਲ ਐਂਟਰੀ ਵੀਜ਼ਾ ਹੈ। ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਸੱਤ ਅਮੀਰਾਤਾਂ ਵਿਚੋਂ ਇਕ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਖਤੂਮ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਬੈਠਕ ਹੋਈ। ਬੈਠਕ ਦੇ ਬਾਅਦ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਖਤੂਮ ਨੇ ਇਸ ਫੈ਼ਸਲੇ ਬਾਰੇ ਟਵਿੱਟਰ 'ਤੇ ਇਕ ਟਵੀਟ ਕੀਤਾ।

ਉਹਨਾਂ ਨੇ ਲਿਖਿਆ,''ਮੇਰੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਦੀ ਬੈਠਕ ਵਿਚ ਅਸੀਂ ਇਕ ਨਵੇਂ ਰਿਮੋਟ ਵਰਕ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਹੈ। ਇਸਦੇ ਤਹਿਤ ਦੁਨੀਆ ਭਰ ਦੇ ਵਰਕਰ ਯੂ.ਏ.ਈ. ਵਿਚ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ ਭਾਵੇਂ ਉਹਨਾਂ ਦੀ ਕੰਪਨੀ ਕਿਸੇ ਦੂਜੇ ਦੇਸ਼ ਵਿਚ ਹੋਵੇ।''

ਇਕ ਹੋਰ ਟਵੀਟ ਵਿਚ ਉਹਨਾਂ ਨੇ ਲਿਖਿਆ,''ਅਸੀਂ ਯੂ.ਏ.ਈ. ਨੂੰ ਦੁਨੀਆ ਦੀ ਆਰਥਿਕ ਰਾਜਧਾਨੀ ਬਣਾਉਣ ਦੀ ਕੋਸ਼ਿਸ਼ ਨੂੰ ਮਜ਼ਬੂਤ ਕਰਨ ਲਈ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਹੈ।

ਕਫਾਲਾ ਲਈ ਕਾਫੀ ਅਹਿਮ
ਕਾਮਿਆਂ ਨੂੰ ਕੰਪਨੀਆਂ ਨਾਲ ਬੰਨ੍ਹ ਕੇ ਰੱਖਣ ਵਾਲੀ ਸਪਾਂਸਰਸ਼ਿਪ ਪ੍ਰਥਾ 'ਕਫਾਲਾ' ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿਚ ਯੂ.ਏ.ਈ. ਦੇ ਇਸ ਫ਼ੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। 50 ਦੇ ਦਹਾਕੇ ਵਿਚ ਸ਼ੁਰੂ ਹੋਈ ਕਫਾਲਾ ਪ੍ਰਥਾ ਦੇ ਤਹਿਤ ਕਾਮਿਆਂ ਨੰ ਖਾੜੀ ਦੇ ਦੇਸ਼ਾਂ ਵਿਚ ਦਾਖਲ ਅਤੇ ਵਾਪਸ ਜਾਣ ਲਈ ਉਸ ਕੰਪਨੀ ਦੀ ਇਜਾਜ਼ਤ ਲੈਣੀ ਪੈਂਦੀ ਸੀ। ਬਿਨਾਂ ਕੰਪਨੀ ਦੀ ਇਜਾਜ਼ਤ ਦੇ ਨੌਕਰੀ ਬਦਲਣਾ ਸੰਭਵ ਨਹੀਂ ਸੀ। ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ.ਐੱਲ.ਓ.) ਸਮੇਤ ਕਾਮਿਆਂ ਲਈ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਇਸ ਪ੍ਰਥਾ ਨੂੰ ਕਾਮਿਆਂ ਵਿਰੋਧੀ ਦੱਸਦੀਆਂ ਰਹੀਆਂ ਹਨ।

ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਤੋਂ ਹਵਾਲਗੀ ਦਾ ਦੂਜਾ ਮਾਮਲਾ, ਡਰੱਗ ਤਸਕਰ ਕਿਸ਼ਨ ਸਿੰਘ ਨੂੰ ਲਿਆਂਦਾ ਗਿਆ ਭਾਰਤ

ਦੋਹਾਂ ਵੀਜ਼ਿਆਂ ਦੇ ਫਾਇਦੇ
ਐਤਵਾਰ ਦੀ ਬੈਠਕ ਵਿਚ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। 5 ਸਾਲ ਤੱਕ ਵੈਧ ਰਹਿਣ ਵਾਲੇ ਇਸ ਵੀਜ਼ਾ ਦੇ ਤਹਿਤ ਸੈਲਾਨੀਆਂ ਨੂੰ ਕਿਸੇ ਕੰਪਨੀ ਦੀ ਬਜਾਏ ਖੁਦ ਦੀ ਸਪਾਂਸਰਸ਼ਿਪ 'ਤੇ ਦੇਸ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹਰੇਕ ਵਾਰ ਦੇਸ਼ ਵਿਚ ਦਾਖਲ ਹੋਣ 'ਤੇ ਸੈਲਾਨੀ ਵੱਧ ਤੋਂ ਵੱਧ 90 ਦਿਨ ਤੱਕ ਦੇਸ਼ ਵਿਚ ਰਹਿ ਸਕਦੇ ਹਨ। ਭਾਵੇਂਕਿ ਇਸ ਨੂੰ 90 ਦਿਨ ਬਾਅਦ ਵਧਾਇਆ ਵੀ ਜਾ ਸਕਦਾ ਹੈ। ਉੱਥੇ 5 ਸਾਲ ਦੀ ਵੈਧਤਾ ਮਿਆਦ ਦੌਰਾਨ ਯਾਤਰੀ ਜਦੋਂ ਚਾਹੇ ਉਦੋਂ ਮਰਜ਼ੀ ਮੁਤਾਬਕ ਕਈ ਵਾਰ ਆ-ਜਾ ਸਕਦੇ ਹਨ।

ਰਿਮੋਟ ਵਰਕ ਵੀਜ਼ਾ ਦੇ ਤਹਿਤ ਕਿਸੇ ਵੀ ਦੇਸ਼ ਦੇ ਨਾਗਰਿਕ ਯੂ.ਏ.ਈ. ਵਿਚ ਰਹਿੰਦੇ ਹੋਏ ਦੁਨੀਆ ਦੀ ਕਿਸੇ ਵੀ ਕੰਪਨੀ ਲਈ ਉੱਥੋਂ ਕੰਮ ਕਰ ਸਕਦੇ ਹਨ। ਇਹ ਵੀਜ਼ਾ ਇਕ ਸਾਲ ਲਈ ਵੈਧ ਹੋਵੇਗਾ। ਰਹਿਣ ਅਤੇ ਕੰਮ ਕਰਨ ਦੀਆਂ ਸ਼ਰਤਾਂ ਨੂੰ ਵੀਜ਼ਾ ਜਾਰੀ ਕਰਨ ਦੇ ਸਮੇਂ ਹਟਾ ਦਿੱਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਜਨਤਕ ਅਤੇ ਨਿੱਜੀ ਸੈਕਟਰ ਦੀ ਮਦਦ ਕਰਨਾ ਹੈ।ਨਾਲ ਹੀ ਕਾਮਿਆਂ ਦੀ ਡਿਜੀਟਲ ਕੁਸ਼ਲਤਾ ਦੀ ਵਰਤੋਂ ਕਰਦਿਆਂ ਬਦਲਦੇ ਗਲੋਬਲ ਹਾਲਾਤ ਦਾ ਲਾਭ ਲੈਣਾ ਹੈ। 

ਨੋਟ - UAE ਵੱਲੋਂ 2 ਵੀਜ਼ੇ ਜਾਰੀ ਕਰਨ ਸੰਬੰਧੀ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana