ਅਨੋਖਾ ਪਿਆਰ : ਤਲਾਕ ਦੇ 50 ਸਾਲ ਬਾਅਦ ਇਹ ਜੋੜਾ ਫਿਰ ਰਚਾਏਗਾ ਵਿਆਹ

04/03/2018 3:42:53 PM

ਵਾਸ਼ਿੰਗਟਨ  (ਬਿਊਰੋ)— ਕਿਸੇ ਨੇ ਸੱਚ ਕਿਹਾ ਹੈ ਕਿ ਪਿਆਰ ਕਦੇ ਵੀ ਮਰਦਾ ਨਹੀਂ। ਖਾਸ ਕਰ ਕੇ ਜ਼ਿੰਦਗੀ ਦੇ ਪਹਿਲੇ ਪਿਆਰ ਨੂੰ ਭੁਲਾਉਣਾ ਸੌਖਾ ਨਹੀਂ ਹੁੰਦਾ। ਪਿਆਰ ਦੀ ਤਾਜ਼ਾ ਮਿਸਾਲ ਅਮਰੀਕਾ ਵਿਚ ਰਹਿੰਦੇ ਇਕ ਬਜ਼ੁਰਗ ਜੋੜੇ ਨੇ ਪੇਸ਼ ਕੀਤੀ ਹੈ। ਇਹ ਜੋੜਾ ਵੱਖ ਹੋਣ ਮਗਰੋਂ ਹੁਣ ਦੁਬਾਰਾ ਵਿਆਹ ਰਚਾਉਣ ਜਾ ਰਿਹਾ ਹੈ। ਅਮਰੀਕਾ ਦੇ ਕੈਂਚੁਕੀ ਵਿਚ ਰਹਿਣ ਵਾਲੇ 83 ਸਾਲਾ ਹੈਰੌਲਡ ਹਾਲੈਂਡ ਇਕ ਵਾਰੀ ਫਿਰ ਆਪਣੀ 78 ਸਾਲਾ ਪਤਨੀ ਲਿਲੀਅਨ ਬਾਰਨੇਸ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਅਸਲ ਵਿਚ ਇਸ ਜੋੜੇ ਨੇ 50 ਸਾਲ ਪਹਿਲਾਂ ਤਲਾਕ ਲੈ ਲਿਆ ਸੀ ਅਤੇ ਹੁਣ ਇਸ ਮਹੀਨੇ ਦੇ ਅਖੀਰ ਤੱਕ ਉਹ ਦੁਬਾਰਾ ਵਿਆਹ ਕਰ ਸਕਦੇ ਹਨ। 
ਇਸ ਜੋੜੇ ਨੇ ਪਹਿਲੀ ਵਾਰੀ ਸਾਲ 1955 ਵਿਚ ਕ੍ਰਿਸਮਸ ਈਵ 'ਤੇ ਵਿਆਹ ਕੀਤਾ ਸੀ। ਦੋਹਾਂ ਦੇ ਤਲਾਕ ਤੋਂ ਪਹਿਲਾਂ 5 ਬੱਚੇ ਹੋਏ। ਹਾਲਾਂਕਿ ਦੋਵੇਂ ਸਾਲ 1968 ਵਿਚ ਵੱਖ ਹੋ ਗਏ। ਹਾਲੈਂਡ ਕਹਿੰਦੇ ਹਨ,''ਮੇਰੇ ਕੰਮ ਕਾਰਨ ਮੈਂ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦਾ ਸੀ। ਇਸੇ ਕਾਰਨ ਮੇਰਾ ਤਲਾਕ ਹੋ ਗਿਆ। ਇਹ ਪੂਰੀ ਤਰ੍ਹਾਂ ਨਾਲ ਮੇਰੀ ਹੀ ਗਲਤੀ ਸੀ।'' ਹਾਲਾਂਕਿ ਨੇ ਦੋਹਾਂ ਨੇ ਦੂਜਾ ਵਿਆਹ ਕੀਤਾ ਪਰ ਦੋਹਾਂ ਦੇ ਪਾਰਟਨਰ ਸਾਲ 2015 ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਮਗਰੋਂ ਹਾਲੈਂਡ ਅਤੇ ਬਾਰਨੇਸ ਇਕ-ਦੂਜੇ ਦੇ ਪਰਿਵਾਰ ਨਾਲ ਮਿਲੇ ਅਤੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਲਿਆ। ਹਾਲੈਂਡ ਨੇ ਇਕ ਇੰਟਰਵਿਊ ਵਿਚ ਕਿਹਾ,''ਅਸੀਂ ਜੋ ਕਰਨਾ ਚਾਹੁੰਦੇ ਹਾਂ, ਉਹੀ ਕਰਾਂਗੇ। ਜਦੋਂ ਕਰਨਾ ਚਾਹੁੰਦੇ ਹਾਂ, ਉਦੋਂ ਕਰਾਂਗੇ। ਮੈਂ ਬਾਰਨੇਸ ਨੂੰ ਉੱਥੇ ਲੈ ਕੇ ਜਾਵਾਂਗਾ, ਜਿੱਥੇ ਉਹ ਜਾਣ ਚਾਹੁੰਦੀ ਹੈ।''