ਸਿਡਨੀ ''ਚ ਘਰ ''ਚ ਦਾਖਲ ਹੋਈ ਬੇਕਾਬੂ ਕਾਰ, ਦੋ ਜਖਮੀ

03/11/2018 2:55:49 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸਿਡਨੀ ਦੇ ਉੱਤਰੀ-ਪੱਛਮੀ ਇਲਾਕੇ ਵਿਚ ਇਕ ਘਰ ਅੰਦਰ ਬੇਕਾਬੂ ਕਾਰ ਦਾਖਲ ਹੋ ਗਈ। ਕਾਰ ਨੇ ਲਿਵਿੰਗ ਰੂਮ ਵਿਚ ਬੈਠੀ ਇਕ 69 ਸਾਲਾ ਬਜ਼ੁਰਗ ਔਰਤ ਨੂੰ ਟੱਕਰ ਮਾਰੀ। ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਵ੍ਹਾਈਟਬਾਰ ਵੇਅ, ਚੈਰੀਬਰੂਕ ਵਿਖੇ ਬੁਲਾਇਆ ਗਿਆ। ਟੱਕਰ ਮਗਰੋਂ 69 ਸਾਲਾ ਔਰਤ ਥੋੜ੍ਹੀ ਦੇਰ ਲਈ ਗੱਡੀ ਹੇਠ ਫੱਸ ਗਈ ਸੀ। ਐਮਰਜੈਂਸੀ ਸੇਵਾਵਾਂ ਨੂੰ ਉਸ ਨੂੰ ਤੁਰੰਤ ਬਾਹਰ ਕੱਢ ਲਿਆ। ਖੁਸ਼ ਕਿਸਮਤੀ ਨਾਲ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ। ਪੁਲਸ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਨੇ ਇਕ ਹੋਰ 81 ਸਾਲਾ ਬਜ਼ੁਰਗ ਔਰਤ ਨੂੰ ਟੱਕਰ ਮਾਰੀ ਸੀ, ਜੋ ਘਰ ਦੇ ਬਾਹਰ ਖੜ੍ਹੀ ਕਿਸੇ ਰਿਸ਼ਤੇਦਾਰ ਦੀ ਉਡੀਕ ਕਰ ਰਹੀ ਸੀ। ਅਚਾਨਕ ਟੱਕਰ ਕਾਰਨ ਔਰਤ ਦੀ ਲੱਤ ਵਿਚ ਫ੍ਰੈਕਚਰ ਹੋ ਗਿਆ ਅਤੇ ਚਿਹਰੇ 'ਤੇ ਵੀ ਸੱਟਾਂ ਲਗੀਆਂ। ਪੈਰਾ ਮੈਡੀਕਲ ਅਧਿਕਾਰੀਆਂ ਨੇ ਦੋਹਾਂ ਔਰਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਦੋਹਾਂ ਔਰਤਾਂ ਨੂੰ ਇਲਾਜ ਲਈ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਇਲਾਜ ਮਗਰੋਂ 81 ਸਾਲਾ ਔਰਤ ਦੀ ਹਾਲਤ ਸਥਿਰ ਹੈ। ਇਸ ਅਚਾਨਕ ਹੋਏ ਹਾਦਸੇ ਕਾਰਨ ਕਾਰ ਦਾ ਡਰਾਈਵਰ ਸਦਮੇ ਵਿਚ ਹੈ। ਜਰੂਰੀ ਟੈਸਟਾਂ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਦੀ ਜਾਣਕਾਰੀ ਮੁਤਾਬਕ ਔਰਤ ਦੇ ਘਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।