ਸੂਡਾਨ ''ਚ ਹੜ੍ਹ ਕਾਰਣ ਹਜ਼ਾਰਾਂ ਲੋਕ ਪ੍ਰਭਾਵਿਤ: ਸੰਯੁਕਤ ਰਾਸ਼ਟਰ

08/06/2020 6:45:21 PM

ਕਾਹਿਰਾ: ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੂਸਲਾਧਾਰ ਮੀਂਹ ਨੇ ਸੂਡਾਨ ਵਿਚ ਭਾਰੀ ਤਬਾਹੀ ਮਚਾਈ ਹੈ, ਜਿਸ ਨਾਲ 50 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ਸੰਯੁਕਤ ਰਾਸ਼ਟਰ ਮਨੁੱਖੀ ਕਾਰਜ ਤਾਲਮੇਲ ਦਫਤਰ (ਯੂ.ਐੱਨ.ਓ.ਸੀ.ਐੱਚ.ਏ.) ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਸੂਡਾਨ ਦੇ 18 ਸੂਬਿਆਂ ਵਿਚੋਂ 14 ਸੂਬੇ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰ ਦਾਰਫੁਰ, ਵਾਈਟ ਨੀਲ, ਸੇਨਾਰ ਤੇ ਕਾਸਲਾ ਸੂਬੇ ਤੂਫਾਨ ਤੇ ਹੜ੍ਹ ਨਾਲ ਪ੍ਰਭਾਵਿਤ ਹਨ। ਯੂ.ਐੱਨ.ਓ.ਸੀ.ਐੱਚ.ਏ. ਨੇ ਕਿਹਾ ਕਿ ਸੂਡਾਨ ਮੌਸਮ ਵਿਗਿਆਨ ਅਥਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਦੇ ਵਧੇਰੇ ਹਿੱਸਿਆਂ ਵਿਚ ਅਗਸਤ ਤੇ ਸਤੰਬਰ ਦੌਰਾਨ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਅੱਗੇ ਹੋਰ ਹੜ੍ਹ ਆ ਸਕਦਾ ਹੈ। ਪਿਛਲੇ ਹਫਤੇ ਭਾਰੀ ਮੀਂਹ ਦੇ ਕਾਰਣ ਬਲੂ ਨੀਲ ਸੂਬੇ ਵਿਚ ਬਾਊਟ ਬੰਨ੍ਹ ਦੇ ਡਿੱਗਣ ਨਾਲ 1,200 ਘਰ ਤਬਾਹ ਹੋ ਗਏ ਤੇ ਦੇਸ਼ ਭਰ ਵਿਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਸੂਡਾਨ ਸਰਕਾਰ ਤੇ ਮਨੁੱਖੀ ਏਜੰਸੀਆਂ ਹਾਲਾਤ ਦੀ ਨਿਗਰਾਨੀ ਕਰ ਰਹੀਆਂ ਹਨ ਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਦੇ ਮੁਤਾਬਕ ਪਿਛਲੇ ਸਾਲ ਜੁਲਾਈ ਤੇ ਅਗਸਤ ਦੇ ਵਿਚਾਲੇ ਸੂਡਾਨ ਦੇ 16 ਸੂਬਿਆਂ ਵਿਚ ਹੜ੍ਹ ਨੇ ਕੁੱਲ 78 ਲੋਕਾਂ ਦੀ ਜਾਨ ਲੈ ਲਈ ਸੀ।


Baljit Singh

Content Editor

Related News