ਭਾਰਤ ਵੱਲੋਂ ਸੰਯੁਕਤ ਰਾਸ਼ਟਰ ਦੇ ਵਾਹਨ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਪਾਕਿਸਤਾਨੀ ਦਾਅਵੇ ਨੂੰ ਯੂ.ਐੱਨ ਨੇ ਕੀਤਾ ਖਾਰਜ

05/25/2017 3:13:22 PM


ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਨੇ ਪਾਕਿਸਤਾਨੀ ਫੌਜ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਕੰਟਰੋਲ ਰੇਖਾ ਕੋਲ ਭਾਰਤੀ ਫੌਜੀਆਂ ਨੇ ਸੰਯੁਕਤ ਰਾਸ਼ਟਰ ਦੇ ਫੌਜੀ ਆਬਜਰਵਰਾਂ 'ਤੇ ਹਮਲਾ ਕੀਤਾ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਆਬਜਰਵਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਕੋਈ ਸਬੂਤ ਮੌਜੂਦ ਨਹੀਂ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਖੰਜ਼ਰ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਭਾਰਤੀ ਫੌਜ ਨੇ ਯੂ.ਐੱਨ.ਐੱਮ.ਓ.ਜੀ.ਆਈ.ਪੀ (ਭਾਰਤ ਅਤੇ ਪਾਕਿ 'ਚ ਸੰਯੁਕਤ ਰਾਸ਼ਟਰ ਫੌਜੀ ਨਿਗਰਾਨ ਸਮੂਹ) ਦੇ ਵਾਹਨ ਨੂੰ ਨਿਸ਼ਾਨਾ ਬਣਾਇਆ। ਦੁਜਾਰਿਕ ਨੇ ਕਿਹਾ, ''ਮੈਂ ਤਹਾਨੂੰ ਇਹ ਦੱਸ ਸਕਦਾ ਹਾਂ ਕਿ ਭੀਮਬੇਰ ਜ਼ਿਲ੍ਹੇ 'ਚ ਵੀਰਵਾਰ ਦੀ ਦੁਪਹਿਰ ਨੂੰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਪਾਕਿਸਤਾਨੀ ਫੌਜ ਨਾਲ ਚੱਲ ਰਹੇ ਯੂ.ਐੱਨ.ਐੱਮ.ਓ.ਜੀ.ਆਈ.ਪੀ ਦੇ ਫੌਜੀ ਆਬਜਰਵਰਾਂ ਨੇ ਆਪਣੇ ਨੇੜਲੇ ਇਲਾਕੇ 'ਚ ਗੋਲੀਬਾਰੀ ਦੀਆਂ ਆਵਾਜਾਂ ਸੁਣੀਆਂ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਗੋਲੀਬਾਰੀ ਦੌਰਾਨ ਯੂ.ਐੱਨ.ਐੱਮ.ਓ.ਜੀ.ਆਈ.ਪੀ ਦੇ ਫੌਜੀ ਆਬਜਰਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੰਯੁਕਤ ਰਾਸ਼ਟਰ ਦਾ ਕੋਈ ਫੌਜੀ ਆਬਜਰਵਰ ਜ਼ਖਮੀ ਨਹੀਂ ਹੋਇਆ ਹੈ।'' ਪਾਕਿਸਤਾਨੀ ਫੌਜੀ ਬਲਾਂ ਦੀ ਮੀਡੀਆ ਬਰਾਂਚ ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨ ਨੇ ਇਕ ਬਿਆਨ 'ਚ ਕਿਹਾ ਸੀ ਕਿ ਕੰਟਰੋਲ ਰੇਖਾ ਦੇ ਦੌਰੇ ਦੌਰਾਨ ਸੰਯੁਕਤ ਰਾਸ਼ਟਰ ਦੇ ਫੌਜੀ ਆਬਜਰਵਰ ਸਮੂਹ ਦੇ ਦੋ ਅਧਿਕਾਰੀਆਂ ਨੂੰ ਲਿਜਾ ਰਹੇ ਵਾਹਨ 'ਤੇ ਭਾਰਤੀ ਫੌਜੀਆਂ ਨੇ ਹਮਲਾ ਕੀਤਾ ਹੈ।