ਯੂ.ਐਨ. ਨੇ 21 ਮਈ ਨੂੰ ''ਕੌਮਾਂਤਰੀ ਟੀ-ਡੇ'' ਐਲਾਨਿਆ, ਭਾਰਤ ਨੇ ਦਿੱਤਾ ਪ੍ਰਸਤਾਵ

12/15/2019 6:50:45 PM

ਵਾਸ਼ਿੰਗਟਨ (ਏਜੰਸੀ)- ਭਾਰਤ ਦੀ ਸਿਫਾਰਿਸ਼ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਮਈ ਨੂੰ 'ਕੌਮਾਂਤਰੀ ਟੀ-ਡੇ' ਐਲਾਨ  ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਚਾਰ ਸਾਲ ਪਹਿਲਾਂ ਮਿਲਾਨ ਵਿਚ ਹੋਈ ਕੌਮਾਂਤਰੀ ਖੁਰਾਕ ਅਤੇ ਖੇਤੀ ਸੰਗਠਨ (ਐਫ.ਏ.ਓ.) ਦੇ ਅੰਦਰ ਸਰਕਾਰੀ ਸਮੂਹ ਦੀ ਮੀਟਿੰਗ ਵਿਚ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿਚ ਹਰ ਸਾਲ 15 ਦਸੰਬਰ ਨੂੰ ਚਾਹ ਉਤਪਾਦਨ ਕਰਨ ਵਾਲੇ ਦੇਸ਼ਾਂ ਵਲੋਂ ਕੌਮਾਂਤਰੀ ਟੀ-ਡੇ ਮਨਾਇਆ ਜਾਂਦਾ ਹੈ। ਉਥੇ ਹੀ ਇਸ ਤੋਂ ਪਹਿਲਾਂ ਭਾਰਤ ਦੀ ਪਹਿਲ 'ਤੇ ਹੀ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਅਸੀਂ ਵਿਸ਼ਵ ਦੀ ਪੇਂਡੂ ਅਰਥਵਿਵਸਥਾ ਵਿਚ ਚਾਹ ਦੇ ਯੋਗਦਾਨ ਨੂੰ ਲੈ ਕੇ ਦੁਨੀਆ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਤਾਂ ਜੋ 2030 ਤੋਂ ਬਾਅਦ ਵਿਕਾਸ ਨਾਲ ਜੁੜੇ ਟੀਚਿਆਂ ਨੂੰ ਮਿੱਥਿਆ ਜਾ ਸਕੇ। ਸੰਯੁਕਤ ਰਾਸ਼ਟਰ ਨੂੰ ਭਰੋਸਾ ਹੈ ਕਿ 21 ਮਈ ਨੂੰ ਕੌਮਾਂਤਰੀ ਟੀ-ਡੇਅ ਐਲਾਨ ਕਰਨ ਤੋਂ ਇਸ ਦੇ ਉਤਪਾਦਨ ਅਤੇ ਖਬਰ ਵਧਾਉਣ ਵਿਚ ਮਦਦ ਮਿਲੇਗੀ, ਜਿਸ ਨਾਲ ਪੇਂਡੂ ਖੇਤਰਾਂ ਵਿਚ ਭੁੱਖ ਅਤੇ ਗਰੀਬੀ ਨਾਲ ਲੜਣ ਵਿਚ ਮਦਦਗਾਰ ਸਾਬਿਤ ਹੋਵੇਗੀ। ਨਾਲ ਹੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਚਾਹ ਦੇ ਜੜੀ-ਬੂਟੀ ਗੁਣਾਂ ਦੇ ਨਾਲ ਸੰਸਕ੍ਰਿਤਕ ਮਹੱਤਵ ਨੂੰ ਵੀ ਮਾਨਤਾ ਦਿੱਤੀ ਹੈ।

ਸੰਯੁਕਤ ਰਾਸ਼ਟਰ ਨੇ ਸਾਰੇ ਮੈਂਬਰ ਦੇਸ਼ਾਂ, ਕੌਮਾਂਤਰੀ ਅਤੇ ਖੇਤਰੀ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਸਾਲ 21 ਮਈ ਨੂੰ ਕੌਮਾਂਤਰੀ ਚਾਹ ਦਿਵਸ ਦੇ ਰੂਪ ਵਿਚ ਮਨਾਉਣ। ਇਸ ਦਿਨ ਅਜਿਹੇ ਪ੍ਰੋਗਰਾਮ ਕਰਾਏ ਜਾਣਗੇ, ਜਿਸ ਨਾਲ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿਚ ਚਾਹ ਦੀ ਅਹਿਮੀਅਤ ਸਮਝਾਈ ਜਾ ਸਕੇ। ਮੌਜੂਦਾ ਸਮੇਂ ਵਿਚ ਚਾਹ ਉਤਪਾਦਨ ਕਰਨ ਵਾਲੇ ਦੇਸ਼ਾਂ ਵਲੋਂ ਹਰ ਸਾਲ 15 ਦਸੰਬਰ ਨੂੰ ਕੌਮਾਂਤਰੀ ਚਾਹ ਦਿਵਸ ਮਨਾਇਆ ਜਾਂਦਾ ਹੈ। ਇਸ ਵਿਚ ਭਾਰਤ, ਨੇਪਾਲ, ਬੰਗਲਾਦੇਸ਼, ਇੰਡੋਨੇਸ਼ੀਆ, ਸ਼੍ਰੀਲੰਕਾ, ਤੰਜਾਨੀਆ ਤੋਂ ਇਲਾਵਾ ਕਈ ਹੋਰ ਦੇਸ਼ ਸ਼ਾਮਲ ਹਨ। ਹਾਲਾਂਕਿ ਇਸ ਦੀ ਸ਼ੁਰੂਆਤੀ ਇਕ ਐਨ.ਜੀ.ਓ. ਨੇ ਕੀਤੀ ਸੀ। ਮਈ ਦੇ ਮਹੀਨੇ ਨੂੰ ਇਸ ਦਿਨ ਲਈ ਚੁਣਨ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਇਸ ਮਹੀਨੇ ਵਿਚ ਚਾਹ ਦਾ ਉਤਪਾਦਨ ਸਭ ਤੋਂ ਬਿਹਤਰ ਹੁੰਦਾ ਹੈ।

Sunny Mehra

This news is Content Editor Sunny Mehra