UN ਦੀ ਚਿਤਾਵਨੀ, ਮੌਸਮੀ ਬੀਮਾਰੀ ਬਣ ਸਕਦਾ ਹੈ ਕੋਰੋਨਾ ਵਾਇਰਸ, ਕਈ ਸਾਲਾਂ ਤੱਕ ਰਹੇਗਾ ਖਤਰਾ

03/18/2021 6:03:57 PM

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਇਕ ਵਾਰ ਫਿਰ ਕੋਰੋਨਾ ਦੀ ਦੂਜੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਹਰੇਕ ਦੇਸ਼ ਇਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਯਤਨਸ਼ੀਲ ਹੈ। ਕੋਰੋਨਾ ਦੀ ਦਹਿਸ਼ਤ ਵਿਚ ਸੰਯੁਕਤ ਰਾਸ਼ਟਰ (UN) ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਜਲਦ ਹੀ ਮੌਸਮੀ ਬੀਮਾਰੀ ਦਾ ਰੂਪ ਲੈ ਸਕਦਾ ਹੈ। ਚੀਨ ਵਿਚ ਸਭ ਤੋਂ ਪਹਿਲਾਂ ਕੋਰੋਨਾ ਕੇਸ ਮਿਲਣ ਦੇ ਇਕ ਸਾਲ ਬਾਅਦ ਵੀ ਇਸ ਬੀਮਾਰੀ ਦੇ ਰਹੱਸ ਨੂੰ ਵਿਗਿਆਨੀ ਹੱਲ ਨਹੀਂ ਕਰ ਪਾਏ ਹਨ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਦੁਨੀਆ ਭਰ ਵਿਚ ਹੁਣ ਤੱਕ 2.7 ਮਿਲੀਅਨ ਲੋਕ ਮਰ ਚੁੱਕੇ ਹਨ।

ਕੋਰੋਨਾ ਵਾਇਰਸ 'ਤੇ ਅਧਿਐਨ ਕਰ ਰਹੀ ਮਾਹਰਾਂ ਦੀ ਇਕ ਟੀਮ ਨੇ ਕੋਵਿਡ-19 ਦੇ ਪ੍ਰਸਾਰ 'ਤੇ ਜਾਣਕਾਰੀ ਹਾਸਲ ਕਰਨ ਲਈ ਮੌਸਮ ਵਿਗਿਆਨ ਅਤੇ ਹਵਾ ਗੁਣਵੱਤਾ ਦਾ ਅਧਿਐਨ ਕੀਤਾ ਅਤੇ ਉਹਨਾਂ ਵਿਚ ਹੋਣ ਵਾਲੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਅਧਿਐਨ ਵਿਚ ਵਿਗਿਆਨੀਆਂ ਨੇ ਪਾਇਆ ਕਿ ਕੋਰੋਨਾ ਵਾਇਰਸ ਹੁਣ ਮੌਸਮੀ ਬੀਮਾਰੀ ਦੀ ਤਰ੍ਹਾਂ ਅਗਲੇ ਕੁਝ ਸਾਲਾਂ ਤੱਕ ਹਾਲੇ ਇਸੇ ਤਰ੍ਹਾਂ ਪਰੇਸ਼ਾਨ ਕਰਦਾ ਰਹੇਗਾ।

ਸੰਯੁਕਤ ਰਾਸ਼ਟਰ ਦੇ ਵਿਸ਼ਵ ਸਿਹਤ ਸੰਗਠਨ ਵੱਲੋਂ ਗਠਿਤ 16 ਮੈਂਬਰੀ ਟੀਮ ਨੇ ਦੱਸਿਆ ਕਿ ਸਾਹ ਸੰਬੰਧੀ ਇਨਫੈਕਸ਼ਨ ਅਕਸਰ ਮੌਸਮੀ ਹੁੰਦੇ ਹਨ। ਕੋਰੋਨਾ ਵਾਇਰਸ ਵੀ ਮੌਸਮ ਅਤੇ ਤਾਪਮਾਨ ਦੇ ਮੁਤਾਬਕ ਆਪਣਾ ਅਸਰ ਦਿਖਾਏਗਾ। ਵਿਗਿਆਨੀਆਂ ਦੀ ਟੀਮ ਨੇ ਕਿਹਾ ਕਿ ਹਾਲੇ ਤੱਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਜਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉਹ ਬੇਅਸਰ ਹੁੰਦੀਆਂ ਦਿਸ ਰਹੀਆਂ ਹਨ। ਜੇਕਰ ਇਹ ਕਈ ਸਾਲਾਂ ਤੱਕ ਇਸੇ ਤਰ੍ਹਾਂ ਕਾਇਮ ਰਹਿ ਜਾਂਦਾ ਹੈ ਤਾਂ ਕੋਵਿਡ-19 ਇਕ ਮਜ਼ਬੂਤ ਮੌਸਮੀ ਬੀਮਾਰੀ ਬਣ ਕੇ ਰਹੇਗਾ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਦਿੱਤੀ ਇਹ ਚਿਤਾਵਨੀ
ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਮੁਤਾਬਕ ਪਿਛਲੇ ਹਫ਼ਤੇ ਦੁਨੀਆ ਵਿਚ ਕੋਵਿਡ-19 ਦੇ ਮਾਮਲਿਆਂ ਵਿਚ 10 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਅਤੇ ਇਸ ਵਿਚ ਸਭ ਤੋਂ ਵੱਧ ਯੋਗਦਾਨ ਅਮਰੀਕਾ ਅਤੇ ਯੂਰਪ ਦਾ ਰਿਹਾ। ਡਬਲਊ.ਐੱਚ.ਓ. ਨੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ 'ਤੇ ਬੁੱਧਵਾਰ ਨੂੰ ਪ੍ਰਕਾਸ਼ਿਤ ਹਫ਼ਤਾਵਰੀ ਅੰਕੜਿਆਂ ਵਿਚ ਦੱਸਿਆ ਕਿ ਜਨਵਰੀ ਦੇ ਸ਼ੁਰੂਆਤ ਵਿਚ ਮਹਾਮਾਰੀ ਆਪਣੇ ਸਿਖਰ 'ਤੇ ਸੀ ਅਤੇ ਕਰੀਬ 50 ਲੱਖ ਮਾਮਲੇ ਪ੍ਰਤੀ ਹਫ਼ਤੇ ਆ ਰਹੇ ਸਨ ਪਰ ਫਰਵਰੀ ਦੇ ਮੱਧ ਵਿਚ ਇਸ ਵਿਚ ਗਿਰਾਵਟ ਆਈ ਅਤੇ ਇਹ 25 ਲੱਖ ਦੇ ਕਰੀਬ ਪਹੁੰਚ ਗਈ।

ਨੋਟ-UN ਦੀ ਚਿਤਾਵਨੀ, ਮੌਸਮੀ ਬੀਮਾਰੀ ਬਣ ਸਕਦਾ ਹੈ ਕੋਰੋਨਾ ਵਾਇਰਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana