ਔਰਤਾਂ ਦੇ ਖ਼ਿਲਾਫ਼ ਤਾਲਿਬਾਨ ਦੇ ਫਰਮਾਨ ''ਤੇ ਸਯੁੰਕਤ ਰਾਸ਼ਟਰ ਨੇ ਕੀਤੀ ਐਮਰਜੈਂਸੀ ਬੈਠਕ

05/13/2022 5:44:38 PM

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਫਗਾਨਿਸਤਾਨ ਦੀਆਂ ਔਰਤਾਂ ਦੇ ਖ਼ਿਲਾਫ਼ ਤਾਲਿਬਾਨ ਨੇ ਹਾਲੀਆ ਦਮਨਕਾਰੀ ਫਰਮਾਨ 'ਤੇ ਚਰਚਾ ਕਰਨ ਲਈ ਵੀਰਵਾਰ ਨੂੰ ਬੰਦ ਕਮਰੇ 'ਚ ਬੈਠਕ ਕੀਤੀ ਹੈ। ਇਸ ਦੌਰਾਨ ਨਾਰਵੇ ਵਲੋਂ ਤਿਆਰ ਕੀਤੇ ਗਏ ਬਿਆਨ 'ਚ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ 'ਤੇ ਰੋਕ ਲਗਾਉਣ ਵਾਲੀਆਂ ਨੀਤੀਆਂ ਨੂੰ ਪਲਟਣ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਸੱਤਾਧਾਰੀ ਤਾਲਿਬਾਨ ਨੇ ਔਰਤਾਂ ਨੂੰ ਜਨਤਕ ਸਥਾਨਾਂ 'ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਬੁਰਕੇ 'ਚ ਢਕੇ ਰਹਿਣ ਦਾ ਸ਼ਨੀਵਾਰ ਨੂੰ ਆਦੇਸ਼ ਦਿੱਤਾ। ਆਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਬਾਹਰ ਜ਼ਰੂਰੀ ਕੰਮ ਨਹੀਂ ਹੈ ਤਾਂ ਔਰਤਾਂ ਲਈ ਬਿਹਤਰ ਹੋਵੇਗਾ ਕਿ ਉਹ ਘਰ 'ਚ ਹੀ ਰਹਿਣ। ਇਸ ਦੇ ਨਾਲ ਮਨੁੱਖ ਅਧਿਕਾਰ ਕਾਰਜਕਰਤਾਵਾਂ ਦੀ ਤਾਲਿਬਾਨ ਵਲੋਂ ਕੱਟਰ ਰੁੱਖ ਅਪਣਾਉਣ ਦੇ ਖਦਸ਼ੇ ਨੂੰ ਬਲ ਮਿਲਿਆ ਹੈ। ਵਰਣਨਯੋਗ ਹੈ ਕਿ ਤਾਲਿਬਾਨ ਨੇ ਸਾਲ 1996-2001 ਦੇ ਪਿਛਲੇ ਸਾਸ਼ਨ ਕਾਲ 'ਚ ਔਰਤਾਂ 'ਤੇ ਇਸ ਤਰ੍ਹਾਂ ਦੀ ਸਖ਼ਤ ਪਾਬੰਦੀ ਲਗਾਈ ਸੀ।
ਤਾਲਿਬਾਨ ਨੇ ਕਲਾਸ ਛੇ ਤੋਂ ਬਾਅਦ ਲੜਕੀਆਂ ਦੀ ਸਿੱਖਿਆ 'ਤੇ ਪਹਿਲੇ ਹੀ ਰੋਕ ਲਗਾ ਦਿੱਤੀ ਹੈ ਅਤੇ ਔਰਤਾਂ ਨੂੰ ਅਧਿਕਤਰ ਨੌਕਰੀਆਂ ਤੋਂ ਪ੍ਰਤੀਬੰਧਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੇਕਰ ਔਰਤ ਦੇ ਨਾਲ ਕੋਈ ਮਰਦ ਰਿਸ਼ਤੇਦਾਰ ਨਹੀਂ ਹੈ ਤਾਂ ਉਹ ਜਹਾਜ਼ 'ਚ ਯਾਤਰਾ ਨਹੀਂ ਕਰ ਸਕਦੀ। ਸੰਯੁਕਤ ਰਾਸ਼ਟਰ 'ਚ ਨਾਰਵੇ ਦੀ ਉਪ ਰਾਜਦੂਤ ਟਿਰਨੇ ਹੀਮਰਬੈਕ ਨੇ ਪ੍ਰੀਸ਼ਦ ਦੀ ਬੈਠਕ ਤੋਂ ਪਹਿਲੇ ਪੱਤਰਕਾਰਾਂ ਨੇ ਕਿਹਾ ਕਿ ਤਾਲਿਬਾਨ ਦੀਆਂ ਨੀਤੀਆਂ ਦੇਸ਼ ਦੀ ਪ੍ਰਲਯਕਾਰੀ ਆਰਥਿਕ ਅਤੇ ਮਨੁੱਖੀ ਸਥਿਤੀ ਤੋਂ ਨਿਪਟਣ ਦੀ ਬਜਾਏ ਔਰਤਾਂ ਅਤੇ ਲੜਕੀਆਂ ਦੇ ਦਮਨ 'ਤੇ ਕੇਂਦਰਿਤ ਹੈ।
ਇਸ ਵਿਚਾਲੇ ਔਰਤਾਂ, ਸ਼ਾਂਤੀ ਅਤੇ ਸੁਰੱਖਿਆ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਗੈਰ ਰਸਮੀ ਮਾਹਿਰ ਗਰੁੱਪ ਦੇ ਸਹਿ-ਪ੍ਰਧਾਨ ਆਇਰਲੈਂਡ ਅਤੇ ਮੈਕਸਿਕੋ ਨੇ ਵੀਰਵਾਰ ਨੂੰ ਪ੍ਰੀਸ਼ਦ ਨੂੰ ਚਿੱਠੀ ਲਿਖ ਕੇ ਤਾਲਿਬਾਨ ਦੇ ਫ਼ੈਸਲੇ ਨੂੰ ਡਰ ਪੈਦਾ ਕਰਨ ਵਾਲਾ ਦੱਸਿਆ ਸੀ। ਸੰਯੁਕਤ ਰਾਸ਼ਟਰ 'ਚ ਆਇਰਲੈਂਡ ਦੀ ਰਾਜਦੂਤ ਗੇਰਾਲਿਡਨ ਬਾਇਰਨ ਨੈਸਨ ਨੇ ਪੱਤਰਕਾਰ ਨੂੰ ਕਿਹਾ ਕਿ ਔਰਤਾਂ ਅਤੇ ਲੜਕੀਆਂ 'ਹੁਣ ਕੁਝ ਸਭ ਤੋਂ ਕਠੋਰ ਪ੍ਰਤੀਬੰਧਾਂ ਦਾ ਸਾਹਮਣਾ ਕਰ ਰਹੀਆਂ ਹਨ' ਅਤੇ ਤਾਲਿਬਾਨ ਦੀਆਂ ਨੀਤੀਆਂ ਦੀ ਨਿੰਦਾ ਕਰਨਾ ਕੌਮਾਂਤਰੀ ਭਾਈਚਾਰੇ ਅਤੇ ਸੁਰੱਖਿਆ ਪ੍ਰੀਸ਼ਦ ਦੀ ਨੈਤਿਕ ਜ਼ਿੰਮੇਵਾਰੀ ਹੈ।

Aarti dhillon

This news is Content Editor Aarti dhillon