ਯੂ. ਐੱਨ. ਨੇ ਅਫਗਾਨਿਸਤਾਨ ਹਮਲੇ ਦੀ ਕੀਤੀ ਨਿੰਦਾ

03/22/2018 6:14:09 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸ਼ੀਆ ਧਾਰਮਿਕ ਸਥਾਨ ਕੋਲ ਬੁੱਧਵਾਰ ਨੂੰ ਹੋਏ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕੀਤੀ। ਇਸ ਹਮਲੇ 'ਚ 26 ਲੋਕ ਮਾਰੇ ਗਏ ਸਨ ਅਤੇ 18 ਹੋਰ ਜ਼ਖਮੀ ਹੋਏ ਸਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਦੇ ਬੁਲਾਰੇ ਨੇ ਉਨ੍ਹਾਂ ਵਲੋਂ ਬਿਆਨ ਜਾਰੀ ਕਰ ਕੇ ਕਿਹਾ ਕਿ ਨਵੇਂ ਸਾਲ 'ਨਵਰੋਜ' ਦੇ ਦਿਨ ਇਸ ਆਤਮਘਾਤੀ ਧਮਾਕੇ ਦੀ ਨਿੰਦਾ ਕੀਤੀ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਨਵਾਂ ਸਾਲ ਜਸ਼ਨ ਮਨਾਉਣ ਦਾ ਸਮਾਂ ਹੁੰਦਾ ਹੈ। ਇਹ ਸ਼ਾਂਤੀ ਅਤੇ ਇਕਜੁਟਤਾ ਦਾ ਇਕ ਖਾਸ ਮੌਕਾ ਹੋ ਸਕਦਾ ਹੈ। ਅਜਿਹੇ ਮੌਕੇ 'ਤੇ ਜਿਸ ਨੇ ਵੀ ਇਸ ਹਮਲੇ ਨੂੰ ਅੰਜਾਮ ਦਿੱਤਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਗੁਤੇਰਸ ਨੇ ਕਿਹਾ ਕਿ ਉਹ ਦੁੱਖ ਦੀ ਇਸ ਘੜੀ ਵਿਚ ਅਫਗਾਨਿਸਤਾਨ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਨਾਲ ਹਨ। ਮੈਂ ਸਾਰੇ ਪੱਖਾਂ ਤੋਂ ਇਕ ਵਾਰ ਫਿਰ ਕੌਮਾਂਤਰੀ ਮਨੁੱਖੀ ਕਾਨੂੰਨ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਦੀ ਅਪੀਲ ਕਰਦਾ ਹਾਂ।