ਪੁਲਵਾਮਾ ਹਮਲੇ ਦੇ ਦੋਸ਼ੀਆਂ ਖਿਲਾਫ ਯੂ.ਐੱਨ. ਨੇ ਕੀਤੀ ਕਾਰਵਾਈ ਦੀ ਮੰਗ

02/15/2019 12:39:14 AM

ਜਿਨੇਵਾ— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸੁਰੱਖਿਆ ਮੁਲਾਜ਼ਮਾਂ 'ਤੇ ਹੋਏ ਅੱਤਵਾਦੀ ਹਮਲੇ ਦੀ 'ਜ਼ੋਰਦਾਰ' ਨਿੰਦਾ ਕੀਤੀ, ਜਿਸ ਨੂੰ ਪਾਕਿਸਤਾਨ ਅਧਾਰਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਅੰਜਾਮ ਦਿੱਤਾ ਸੀ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਇਸ ਹਮਲੇ ਦੇ ਪਿੱਛੇ ਜ਼ਿੰਮੇਦਾਰ ਲੋਕਾਂ ਖਿਲਾਫ ਕਾਰਵਾਈ ਦੀ ਵੀ ਅਪੀਲ ਕੀਤੀ।

ਜੰਮੂ-ਕਸ਼ਮੀਰ 'ਚ ਤਿੰਨ ਦਹਾਕਿਆਂ ਦੇ ਅੱਤਵਾਦ ਦੌਰਾਨ ਹੋਏ ਸਭ ਤੋਂ ਘਾਤਕ ਆਤਮਘਾਤੀ ਹਮਲੇ 'ਚ ਇਕ ਜੈਸ਼ ਅੱਤਵਾਦੀ ਨੇ ਇਕ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਪੁਲਵਾਮਾ ਜ਼ਿਲੇ 'ਚ ਇਕ ਸੀ.ਆਰ.ਪੀ.ਐੱਫ. ਜਵਾਨਾਂ ਦੀ ਬੱਸ 'ਚ ਜਾ ਮਾਰਿਆ, ਜਿਸ ਕਾਰਨ ਸੀ.ਆਰ.ਪੀ.ਐੱਫ. ਦੇ ਘੱਟ ਤੋਂ ਘੱਟ 44 ਜਵਾਨ ਸ਼ਹੀਦ ਹੋ ਗਏ। ਗੁਟਰੇਸ ਦੇ ਬੁਲਾਰੇ ਸਟੀਫੇਨ ਡੁਜਾਰਿਕ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਜ ਹੋਏ ਹਮਲੇ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ, ਜਿਨ੍ਹਾਂ ਦੇ ਮੈਂਬਰ ਇਸ ਹਮਲੇ 'ਚ ਸ਼ਹੀਦ ਹੋਏ ਹਨ।
ਅੱਤਵਾਦ 'ਤੇ ਕੀਤੇ ਇਕ ਸਵਾਲ ਦੇ ਜਵਾਬ 'ਚ ਡੁਜਾਰਿਕ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਮਲੇ ਦੇ ਜ਼ਖਮੀ ਜਲਦੀ ਸਿਹਤਮੰਦ ਹੋਣ ਅਤੇ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਭਾਰਤ ਦੀ ਜੈਸ਼-ਏ-ਮੁਹੰਮਦ ਤੇ ਇਸ ਦੇ ਚੀਫ ਮਸੂਦ ਅਜ਼ਹਰ ਨੂੰ ਅੱਤਵਾਦੀ ਸੂਚੀ 'ਚ ਪਾਉਣ ਦੇ ਸਵਾਲ 'ਤੇ ਡੁਜਾਰਿਕ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਅੱਤਵਾਦੀਆਂ ਦੀ ਸੂਚੀ 'ਚ ਪਾਊਣਾ ਸੁਰੱਖਿਆ ਕੌਂਸਲ ਦਾ ਕੰਮ ਹੈ।

Baljit Singh

This news is Content Editor Baljit Singh