UN ਮੁਖੀ ਪਹੁੰਚੇ ਪਾਕਿਸਤਾਨ, ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਕਰਨਗੇ ਦਰਸ਼ਨ

02/16/2020 1:41:32 PM

ਇਸਲਾਮਾਬਾਦ(ਪੀ.ਟੀ.ਆਈ.)- ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਐਤਵਾਰ ਨੂੰ ਪਾਕਿਸਤਾਨ ਆਪਣੇ ਚਾਰ ਦਿਨਾਂ ਦੌਰੇ 'ਤੇ ਪਹੁੰਚ ਗਏ ਹਨ। ਆਪਣੀ ਇਸ ਫੇਰੀ ਦੌਰਾਨ ਉਹ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਬਾਰੇ ਅੰਤਰਰਾਸ਼ਟਰੀ ਕਾਨਫਰੰਸ 'ਚ ਸ਼ਾਮਲ ਹੋਣਗੇ, ਚੋਟੀ ਦੇ ਪਾਕਿਸਤਾਨੀ ਲੀਡਰਾਂ ਨਾਲ ਮੁਲਾਕਾਤ ਕਰਨਗੇ ਤੇ ਕਰਤਾਰਪੁਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਨਗੇ।

ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਮੁਖੀ ਦੇ ਨੂਰ ਖਾਨ ਏਅਰਬੇਸ ਪਹੁੰਚਣ 'ਤੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਮੁਨੀਰ ਅਕਰਮ, ਵਿਦੇਸ਼ ਦਫਤਰ ਤੇ ਪਾਕਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਵਿਦੇਸ਼ ਦਫਤਰ ਦੇ ਮੁਤਾਬਕ ਗੁਤਾਰੇਸ ਆਪਣੀ ਇਸ ਯਾਤਰਾ ਦੌਰਾਨ ਰਾਸ਼ਟਰਪਤੀ ਆਰਿਫ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਕਰਨਗੇ। ਇਸ ਬੈਠਕ ਦੌਰਾਨ ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਆਪਣੇ ਨਜ਼ਰੀਏ ਨੂੰ ਵੀ ਸਾਂਝਾ ਕਰੇਗਾ। ਦੋਵਾਂ ਦੇਸ਼ਾਂ ਵਿਚਾਲੇ ਟਿਕਾਊ ਵਿਕਾਸ, ਮੌਸਮ ਵਿਚ ਤਬਦੀਲੀ ਤੇ ਸ਼ਾਂਤੀ ਸੁਰੱਖਿਆ ਦੇ ਵਿਸ਼ਿਆਂ 'ਤੇ ਵੀ ਵਿਸ਼ੇਸ਼ ਗੱਲਬਾਤ ਹੋਵੇਗੀ।

ਯੂ.ਐਨ. ਮੁਖੀ ਆਪਣੀ ਇਸ ਯਾਤਰਾ ਦੌਰਾਨ ਕਰਤਾਰਪੁਰ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ, ਗੁਰਦੁਆਰਾ ਦਰਬਾਰ ਸਾਹਿਬ ਵਿਖੇ ਵੀ ਜਾਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ, ਜੋ ਕਿ ਹੁਣ ਵਿਸ਼ਵ ਦਾ ਸਭ ਤੋਂ ਵੱਡਾ ਸਿੱਖ ਗੁਰਦੁਆਰਾ ਬਣ ਗਿਆ ਹੈ। ਉਹ ਪਾਕਿਸਤਾਨ ਵਿਚ ਸੰਯੁਕਤ ਰਾਸ਼ਟਰ ਰਫਿਊਜੀ ਏਜੰਸੀ (ਯੂ.ਐੱਨ.ਐੱਚ.ਸੀ.ਆਰ.) ਵੱਲੋਂ ਆਯੋਜਿਤ ਕੀਤੇ ਜਾ ਰਹੇ '40 ਈਅਰਸ ਆਫ ਹੋਸਟਿੰਗ ਅਫਗਾਨ ਰਫਿਊਜੀਸ ਇਨ ਪਾਕਿਸਤਾਨ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਭਾਸ਼ਣ ਦੇਣਗੇ। ਸੋਮਵਾਰ ਤੋਂ ਸ਼ੁਰੂ ਹੋ ਰਹੀ ਦੋ ਦਿਨਾਂ ਕਾਨਫਰੰਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ।

Baljit Singh

This news is Content Editor Baljit Singh