ਯੂਕਰੇਨ : ਕਾਮੇਡੀਅਨ ਵੋਲੋਦਿਮੀਰ ਜ਼ੇਲੇਂਸਕੀ ਰਾਸ਼ਟਰਪਤੀ ਅਹੁਦੇ ਦੀ ਚੁੱਕਣਗੇ ਸਹੁੰ

05/20/2019 2:26:29 PM

ਕੀਵ (ਬਿਊਰੋ)— ਛੋਟੇ ਪਰਦੇ 'ਤੇ ਰਾਸ਼ਟਰਪਤੀ ਦਾ ਰੋਲ ਅਦਾ ਕਰਨ ਵਾਲੇ ਕਾਮੇਡੀਅਨ ਵੋਲੋਦਿਮੀਰ ਜ਼ੇਲੇਂਸਕੀ ਹੁਣ ਯੂਕਰੇਨ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਜ਼ੇਲੇਂਸਕੀ ਅੱਜ ਭਾਵ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਸੋਵੀਅਤ ਯੂਨੀਅਨ ਦੇ ਯੁੱਗ ਦੇ ਬਾਅਦ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਉਹ ਦੇਸ਼ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਹੋਣਗੇ। ਪਰੰਪਰਾ ਮੁਤਾਬਕ ਉਹ ਸੰਵਿਧਾਨ ਦੀ ਕਾਪੀ ਅਤੇ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕਣਗੇ। ਇਸ ਦੇ ਬਾਅਦ ਉਹ ਦੇਸ਼ ਨੂੰ ਸੰਬੋਧਿਤ ਕਰਨਗੇ ਅਤੇ ਭਵਿੱਖ ਦੀਆਂ ਆਪਣੀਆਂ ਨੀਤੀਆਂ ਦੇ ਬਾਰੇ ਵਿਚ ਦੱਸਣਗੇ।

ਇੱਥੇ ਦੱਸ ਦਈਏ ਕਿ ਯੁੱਧ ਅਤੇ ਆਰਥਿਕ ਸੰਕਟਾਂ ਨਾਲ ਜੂਝ ਰਹੇ ਦੇਸ਼ ਨੂੰ ਉਭਾਰਨਾ 41 ਸਾਲਾ ਜ਼ੇਲੇਂਸਕੀ ਲਈ ਵੱਡੀ ਚੁਣੌਤੀ ਹੋਵੇਗਾ। ਬੀਤੇ ਦਿਨੀਂ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿਚ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਮਸ਼ਹੂਰ ਟੀ.ਵੀ. ਸੀਰੀਜ਼ 'ਸਰਵੈਂਟ ਆਫ ਦੀ ਪੀਪਲ' ਵਿਚ ਰਾਸ਼ਟਰਪਤੀ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਰਾਜਨੀਤੀ ਦਾ ਬਿਲਕੁੱਲ ਅਨੁਭਵ ਨਹੀਂ ਸੀ। ਬਾਵਜੂਦ ਇਸ ਦੇ ਜ਼ੇਲੇਂਸਕੀ ਨੇ ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨੂੰ ਚੋਣਾਂ ਵਿਚ ਹਰਾਇਆ। ਜ਼ੇਲੇਂਸਕੀ ਨੂੰ 73.2 ਫੀਸਦੀ ਵੋਟ ਮਿਲੇ ਜਦਕਿ ਪੈਟਰੋ ਨੂੰ 24.4 ਫੀਸਦੀ ਵੋਟ ਮਿਲੇ।

ਜਦੋਂ ਜ਼ੇਲੇਂਸਕੀ ਨੇ 31 ਦਸੰਬਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਤਾਂ ਅਭਿਨੇਤਾ ਅਤੇ ਕਾਮੇਡੀਅਨ ਹੋਣ ਕਾਰਨ ਕੁਝ ਲੋਕਾਂ ਨੇ ਉਸ ਨੂੰ ਗੰਭੀਰਤਾ ਨਾਲ ਲਿਆ। ਸੋਸ਼ਲ ਮੀਡੀਆ ਜ਼ਰੀਏ ਵੱਡੇ ਪੱਧਰ 'ਤੇ ਚਲਾਈ ਗਈ ਇਕ ਸ਼ਾਨਦਾਰ ਮੁਹਿੰਮ ਦੇ ਬਾਅਦ ਉਨ੍ਹਾਂ ਨੇ 21 ਅਪ੍ਰੈਲ ਨੂੰ ਪੋਰੋਸ਼ੇਂਕੋ ਨੂੰ ਹਰਾਉਂਦੇ ਹੋਏ ਦੂਜੇ ਦੌਰ ਵਿਚ 73 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਪੋਰੋਸ਼ੇਂਕੋ ਨੇ 5 ਸਾਲ ਯੂਕਰੇਨ ਦੀ ਅਗਵਾਈ ਕੀਤੀ। ਉਹ ਸਾਲ 2014 ਵਿਚ ਯੂਕਰੇਨ ਵਿਚ ਰੂਸ ਸਮਰਥਿਤ ਸਰਕਾਰ ਹਟਾਉਣ ਦੇ ਬਾਅਦ ਸੱਤਾ ਵਿਚ ਆਏ।

Vandana

This news is Content Editor Vandana