ਯੂਕੇ : ਵੇਚੇ ਜਾ ਰਹੇ ਹਨ ਦੂਜੇ ਵਿਸ਼ਵ ਯੁੱਧ ਵੇਲੇ ਦੇ ਭੂਮੀਗਤ ਬੰਕਰ

03/02/2021 2:43:22 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਡੇਵੋਨ ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਦਾ 56 ਬੈਡਰੂਮਾਂ ਅਤੇ ਦੋ ਮੰਜ਼ਿਲਾਂ ਵਾਲਾ ਭੂਮੀਗਤ ਪ੍ਰਮਾਣੂ ਬੰਕਰ ਵੇਚਣ ਲਈ ਤਿਆਰ ਕੀਤਾ ਗਿਆ ਹੈ। ਇਹ ਬੰਕਰ ਜਿਸ ਨੂੰ ਕਿ 'ਹੋਪ ਕੋਵ ਬੰਕਰ' ਦੇ ਤੌਰ ਤੇ ਜਾਣਿਆ ਜਾਂਦਾ ਹੈ, ਡੇਵੋਨ ਦੇ ਸੈਲਕੰਬ ਨੇੜੇ ਸਥਿਤ ਹੈ ਅਤੇ 1941 ਵਿੱਚ ਇਸ ਨੂੰ ਦੂਜੀ ਵਿਸ਼ਵ ਜੰਗ ਦੇ ਰਾਡਾਰ ਸਟੇਸ਼ਨ ਦੇ ਤੌਰ 'ਤੇ ਵਰਤਣ ਲਈ ਬਣਾਇਆ ਗਿਆ ਸੀ। ਹਾਲਾਂਕਿ ਸ਼ੀਤ ਯੁੱਧ ਦੌਰਾਨ ਪਰਮਾਣੂ ਹਮਲੇ ਦੀ ਧਮਕੀ ਦੇ ਨਾਲ 1950 ਦੇ ਦਹਾਕੇ ਵਿੱਚ ਇਸ ਦਾ ਫਿਰ ਵਿਕਾਸ ਕੀਤਾ ਗਿਆ ਸੀ। 

1990 ਦੇ ਦਹਾਕੇ ਤੱਕ ਇਹ ਬੰਕਰ ਸੁਰੱਖਿਆ ਦਾ ਇੱਕ ਆਧਾਰ ਰਿਹਾ ਹੈ, ਜੇ ਦੇਸ਼ ਉੱਤੇ ਕੋਈ ਹਮਲਾ ਹੁੰਦਾ ਹੈ ਤਾਂ ਇਸ ਵਿੱਚ 250 ਸਰਕਾਰੀ ਕਰਮਚਾਰੀ ਬੈਠ ਸਕਦੇ ਹਨ। ਇਸ ਤੋਂ ਪਹਿਲਾਂ ਵੀ ਇਹ ਜਾਇਦਾਦ ਬਾਜ਼ਾਰ ਵਿੱਚ ਵਿਕਣ ਲਈ ਲਿਆਂਦੀ ਗਈ ਸੀ। ਫਰਵਰੀ ਦੀ ਸ਼ੁਰੂਆਤ ਵਿੱਚ ਵੀ ਇਸ ਦੀ ਨੀਲਾਮੀ ਦੀ ਤਿਆਰੀ ਕੀਤੀ ਗਈ ਸੀ ਪਰ ਇਸ ਦੇ ਰਿਜ਼ਰਵ ਕੀਮਤ 'ਤੇ ਪਹੁੰਚਣ ਵਿੱਚ ਅਸਫਲ ਹੋਣ ਕਾਰਨ ਇਸ ਨੂੰ ਵਾਪਸ ਮਾਰਕੀਟ ਵਿੱਚ ਵੇਚਣ ਲਈ ਲਗਾਇਆ ਗਿਆ ਹੈ। 

ਇਸ ਬੰਕਰ ਦੀ ਸੰਭਾਲ ਕਰਨ ਵਾਲੇ ਕ੍ਰਿਸਟੋਫਰ ਹਾਵਲ ਅਨੁਸਾਰ ਇਸ ਵਿੱਚ ਇੱਕ ਰੀਸਾਈਕਲ ਏਅਰ ਸਿਸਟਮ ਚੱਲਦਾ ਹੈ ਅਤੇ ਇਸ ਅੰਦਰ ਟੈਂਕਾਂ ਵਿੱਚ ਲੋੜੀਂਦਾ ਤੇਲ ਹੈ ਜੋ ਕਿ 35 ਦਿਨਾਂ ਲਈ ਜਨਰੇਟਰ ਚਲਾਉਣ ਦੇ ਯੋਗ ਹੈ। ਇਸ ਦੀਆਂ ਕਈ ਵਿਸ਼ੇਸ਼ਤਾਵਾਂ ਅੱਜ ਵੀ ਦਿਖਾਈ ਦੇ ਰਹੀਆਂ ਹਨ, ਜਿਹਨਾਂ ਵਿੱਚ ਕਈ ਨਕਸ਼ੇ ਸ਼ਾਮਲ ਹਨ ਜੋ ਕਿਸੇ ਹਮਲੇ ਦੇ ਜਵਾਬ ਵਿੱਚ ਸਹਾਇਤਾ ਲਈ ਵਰਤੇ ਜਾਂਦੇ ਸਨ ਅਤੇ ਇੱਥੇ ਸਾਊਂਡ ਪਰੂਫਿਡ ਰੇਡੀਓ ਸਟੇਸ਼ਨ ਬੂਥ ਹਨ, ਜੋ ਕਿ ਜਨਤਾ ਨਾਲ ਸਾਂਝਾ ਕਰਨ ਲਈ ਬ੍ਰੌਡਕਾਸਟ ਕੀਤੇ ਜਾ ਸਕਦੇ ਹਨ। ਹਾਵਲ ਦੇ ਅਨੁਸਾਰ ਇਸ ਬੰਕਰ ਦੀ ਵਿਕਰੀ ਲਈ ਕੀਮਤ 435,000 ਪੌਂਡ ਰੱਖੀ ਗਈ ਹੈ।

ਨੋਟ- ਯੂਕੇ ਵੱਲੋਂ ਭੂਮੀਗਤ ਬੰਕਰ ਵੇਚੇ ਸਾਣ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana