ਯੂ. ਕੇ. ''ਚ ਬੱਤੀ ਗੁੱਲ ਹੋਣ ਕਾਰਨ ਹਜ਼ਾਰਾਂ ਲੋਕ ਟਰੇਨਾਂ ''ਚ ਫਸੇ ਰਹੇ

08/10/2019 8:46:57 AM

ਲੰਡਨ— ਯੂ. ਕੇ. 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਇਲੈਕਟ੍ਰਿਕ ਟਰੇਨਾਂ 'ਚ 6 ਘੰਟੇ ਬਤੀਤ ਕਰਨੇ ਪਏ ਕਿਉਂਕਿ ਸ਼ੁੱਕਰਵਾਰ ਰਾਤ ਇੱਥੇ ਬਿਜਲੀ ਗੁੱਲ ਰਹੀ। ਬਿਜਲੀ ਦਾ ਅਜਿਹਾ ਕੱਟ ਲੱਗਾ ਕਿ ਸੜਕਾਂ, ਘਰ ਅਤੇ ਦਫਤਰ ਸਭ ਹਨੇਰੇ 'ਚ ਡੁੱਬ ਗਏ ਅਤੇ ਲੋਕਾਂ ਲਈ ਇਹ ਸ਼ੁੱਕਰਵਾਰ 'ਬਲੈਕ ਫ੍ਰਾਈਡੇ' ਰਿਹਾ। ਇੱਥੇ ਦੋ ਨੈਸ਼ਨਲ ਗ੍ਰਿਡ ਜਨਰੇਟਰ ਬੰਦ ਹੋ ਗਏ ਅਤੇ ਲੰਡਨ, ਸਾਊਥ ਈਸਟ, ਲੀਵਰਪੂਲ, ਗਲਾਸਗੋਅ, ਵੇਲਜ਼ ਅਤੇ ਮੈਨਚੈਸਟਰ ਸਮੇਤ ਹੋਰ ਕਈ ਸ਼ਹਿਰਾਂ ਦੀ ਬੱਤੀ ਗੁੱਲ ਰਹੀ, ਜਿਸ ਕਾਰਨ ਲਗਭਗ 10 ਲੱਖ ਲੋਕਾਂ ਨੂੰ ਹਨੇਰੇ 'ਚ ਰਹਿਣਾ ਪਿਆ। ਇਸ ਕਾਰਨ ਹੋਟਲ, ਰੈਸਟੋਰੈਂਟਾਂ ਤੇ ਸ਼ਾਪਿੰਗ ਮਾਲਜ਼ ਨੂੰ ਕਾਫੀ ਨੁਕਸਾਨ ਪੁੱਜਾ।

PunjabKesari

 

6 ਘੰਟਿਆਂ ਤੋਂ ਟਰੇਨਾਂ 'ਚ ਬੰਦ ਲੋਕਾਂ ਨੂੰ ਰੈਸਕਿਊ ਕਰਮਚਾਰੀਆਂ ਨੇ ਬਾਹਰ ਲਿਆਂਦਾ। ਡੀਜ਼ਲ ਟਰੇਨਾਂ ਦੀ ਮਦਦ ਨਾਲ ਲੋਕਾਂ ਨੂੰ ਸਟੇਸ਼ਨਾਂ 'ਤੇ ਲਿਆਂਦਾ ਗਿਆ ਪਰ ਬਹੁਤ ਸਾਰੇ ਲੋਕਾਂ ਨੂੰ ਕਾਫੀ ਸਫਰ ਪੈਦਲ ਹੀ ਤੈਅ ਕਰਨਾ ਪਿਆ। 
ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢਿਆ। ਉਨ੍ਹਾਂ ਕਿਹਾ ਕਿ ਜਦ ਤੋਂ ਲੋਕ ਟਰੇਨਾਂ 'ਚ ਫਸੇ ਸਨ, ਉਸ ਸਮੇਂ ਅਜੇ ਦਿਨ ਹੀ ਸੀ ਪਰ ਵਿਭਾਗ ਵਲੋਂ ਫੁਰਤੀ ਦਿਖਾ ਕੇ ਕੰਮ ਨਹੀਂ ਕੀਤਾ ਗਿਆ। ਲੋਕ 7-8 ਘੰਟਿਆਂ ਦੀ ਦੇਰੀ ਮਗਰੋਂ ਹੈਟਫੀਲਡ ਸਟੇਸ਼ਨ ਪੁੱਜੇ ਤੇ ਇੱਥੋਂ ਲੰਡਨ ਲਈ ਬੱਸਾਂ ਲੈ ਕੇ ਘਰਾਂ ਨੂੰ ਗਏ। ਜਾਣਕਾਰੀ ਮੁਤਾਬਕ ਲਗਭਗ 50 ਟਰੇਨਾਂ 'ਚ ਯਾਤਰੀ ਫਸੇ ਸਨ ਤੇ ਇਸੇ ਕਾਰਨ ਰੈਸਕਿਊ ਕਰਮਚਾਰੀਆਂ ਨੂੰ ਕਾਫੀ ਸਮਾਂ ਲੱਗਾ। ਬਹੁਤ ਸਾਰੇ ਲੋਕਾਂ ਨੂੰ ਕਿੰਗਜ਼ ਕਰਾਸ ਸਟੇਸ਼ਨ 'ਚ ਐਂਟਰੀ ਨਹੀਂ ਮਿਲ ਸਕੀ ਤਾਂ ਉਨ੍ਹਾਂ ਨੂੰ ਜ਼ਮੀਨ 'ਤੇ ਹੀ ਰਾਤ ਬਤੀਤ ਕਰਨੀ ਪਈ। ਸ਼ਾਮ ਤੋਂ ਬਾਅਦ ਕਈ ਟਰੇਨਾਂ ਰੱਦ ਰਹੀਆਂ ਅਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ।


Related News