ਇੰਗਲੈਂਡ: ਇਸ ਡਰ ਕਾਰਨ ਸੁੱਕੇ ਲੰਡਨ ਵਾਸੀਆਂ ਦੇ ਸਾਹ

02/05/2019 3:43:26 PM

ਲੰਡਨ, (ਮਨਦੀਪ ਖੁਰਮੀ)— ਲੰਡਨ 'ਚ ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇਗਾ ਜਿਸ ਦਿਨ ਲੋਕਾਂ ਨੂੰ ਛੁਰੇਬਾਜ਼ੀ ਦੀਆਂ ਖਬਰਾਂ ਸੁਣਨ ਨੂੰ ਨਾ ਮਿਲਦੀਆਂ ਹੋਣ। ਅਜੂਬੇ ਵਰਗੇ ਸ਼ਹਿਰ 'ਚ ਮਨੁੱਖੀ ਜਾਨਾਂ ਥੋਕ ਦੇ ਭਾਅ ਅਜਾਈਂ ਜਾ ਰਹੀਆਂ ਹਨ। 2019 ਦੀ ਆਮਦ ਵੀ ਲੰਡਨ ਨੂੰ ਸੁੱਖ ਦਾ ਸਾਹ ਨਹੀਂ ਦਿਵਾ ਸਕੀ ਬਲਕਿ ਜਨਵਰੀ ਮਹੀਨਾ ਛੁਰੇਬਾਜ਼ੀ ਦੀਆਂ 43 ਘਟਨਾਵਾਂ ਆਪਣੇ ਨਾਮ ਕਰਵਾ ਗਿਆ। ਮੈਟਰੋਪੁਲਿਟਨ ਪੁਲਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 'ਚ ਛੁਰੇਬਾਜ਼ੀ ਦੀਆਂ ਘਟਨਾਵਾਂ ਵਿੱਚ 16 ਫੀਸਦੀ ਦਾ ਵਾਧਾ ਹੋਇਆ ਸੀ, ਜੋ ਕਿ ਨਿਰੰਤਰ ਆਪਣੀ ਰਾਹ 'ਤੇ ਹੈ।
ਪਿਛਲੇ 7 ਸਾਲਾਂ ਦੇ ਮੁਕਾਬਲੇ ਮਾਰਚ 2018 ਤੱਕ ਚਾਕੂ ਜਾਂ ਤੇਜ਼ਧਾਰ ਹਥਿਆਰਾਂ ਨਾਲ ਵਾਪਰੀਆਂ ਘਟਨਾਵਾਂ ਦੀ ਗਿਣਤੀ 40,147 ਦਰਜ ਕੀਤੀ ਗਈ ਸੀ। ਕੋਕੀਨ ਵਰਗੇ ਮਾਰੂ ਨਸ਼ਿਆਂ ਦੇ ਹੜ੍ਹ ਨੂੰ ਵੀ ਅਜਿਹੇ ਜ਼ੁਰਮਾਂ ਦੇ ਵਾਧੇ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਫਰਵਰੀ ਮਹੀਨੇ ਸਿਰਫ ਇੱਕ ਹਫ਼ਤੇ 'ਚ 250 ਦੇ ਲਗਭਗ ਚਾਕੂ ਅਤੇ ਤੇਜ਼ਧਾਰ ਹਥਿਆਰ ਪੁਲਸ ਵੱਲੋਂ ਜ਼ਬਤ ਕੀਤੇ ਗਏ ਸਨ ਤੇ 283 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅੱਲੜ੍ਹ ਉਮਰ ਦੇ ਸਨ।


ਨਵੇਂ ਸਾਲ ਨੂੰ ਹੋਇਆ 2019 ਦਾ ਪਹਿਲਾ ਕਤਲ—
ਜਦੋਂ ਸਾਰਾ ਦੇਸ਼ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਸੀ ਤਾਂ 1 ਜਨਵਰੀ, 2019 ਨੂੰ 33 ਸਾਲਾ ਸ਼ਾਰਲਟ ਹਗਿਨਜ਼ ਨੂੰ ਉਸ ਦੇ ਘਰ 'ਚ ਹੀ ਚਾਕੂ ਨਾਲ ਹੋਏ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ, ਤੜਕੇ 4:20 ਵਜੇ ਉਸ ਦੀ ਮੌਤ ਹੋ ਗਈ। ਲੰਡਨ 'ਚ ਸਭ ਤੋਂ ਪਹਿਲਾ ਕਤਲ ਇਹ ਹੀ ਸੀ। ਪੂਰੇ ਮਹੀਨੇ ਵਿੱਚੋਂ 3, 10, 13, 16, 18, 25, 27 ਤੇ 28 ਜਨਵਰੀ ਨੂੰ ਪੁਲਸ ਨੇ ਸੁੱਖ ਦਾ ਸਾਹ ਲਿਆ। ਬੇਸ਼ੱਕ ਇਹ ਘਟਨਾਵਾਂ ਅਕਸਰ ਹੀ ਗੈਂਗਸਟਰਾਂ ਦੀ ਆਪਸੀ ਖਹਿਬਾਜ਼ੀ ਜਾਂ ਜ਼ਿਆਦਾਤਰ ਨਸ਼ਿਆਂ ਦੇ ਪ੍ਰਭਾਵ ਹੇਠ ਵਾਪਰਦੀਆਂ ਹਨ ਪਰ ਸ਼ਾਂਤੀਪਸੰਦ ਅਤੇ ਕੰਮਕਾਜੀ ਸ਼ਹਿਰੀ ਖੌਫ਼ ਦੇ ਮਾਹੌਲ 'ਚ ਵਿਚਰਦੇ ਨਜ਼ਰ ਆਉਂਦੇ ਹਨ ਕਿ ਕੀ ਪਤਾ, ਕਦੋਂ ਕਿਸ ਪਾਸਿਓਂ ਚਾਕੂ ਪੇਟ ਦੇ ਆਰ-ਪਾਰ ਹੋ ਜਾਵੇ। ਨਸ਼ਾ ਤਸਕਰਾਂ ਦੀ ਆਪਸੀ ਖਹਿਬਾਜ਼ੀ ਦਾ ਹੀ ਨਤੀਜਾ ਸੀ ਕਿ ਪਿਛਲੇ ਸਾਲ 19 ਮਾਰਚ ਨੂੰ ਸਲੌਹ ਦੇ ਪੰਜਾਬੀ ਬਲਬੀਰ ਜੌਹਲ ਨੂੰ ਸਾਊਥਾਲ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਸੀ। ਹਸਨ ਮੁਹੰਮਦ ਨਾਂ ਦੇ ਕਾਤਲ ਨੌਜਵਾਨ ਨੂੰ ਉਮਰ ਕੈਦ ਹੋਈ ਸੀ। ਅਦਾਲਤੀ ਕਾਰਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਕਤਲ ਦੀ ਵਜ੍ਹਾ ਇੱਕ-ਦੂਜੇ ਦੇ ਇਲਾਕੇ 'ਚ ਨਸ਼ਾ ਵੇਚਣਾ ਹੀ ਸੀ।