ਯੂ. ਕੇ. ਦੇ ਸਿੱਖਾਂ ਨੂੰ ਜ਼ਿਆਦਾ ਨਹੀਂ ਲੱਗ ਰਹੀ ਕਰਤਾਰਪੁਰ ਸਾਹਿਬ ਲਈ ਰੱਖੀ ਫੀਸ

10/20/2019 2:46:12 PM

ਲੰਡਨ, (ਰਾਜਵੀਰ ਸਮਰਾ )— ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਕੋਲੋਂ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਦੀ ਸੇਵਾ ਫੀਸ ਰੱਖੀ ਗਈ ਹੈ, ਜੋ ਭਾਰਤੀ ਕਰੰਸੀ ਮੁਤਾਬਕ ਲਗਭਗ 1500 ਰੁਪਏ ਬਣਦੀ ਹੈ ਤੇ ਯੂ.ਕੇ. ਕਰੰਸੀ ਮੁਤਾਬਕ ਸਿਰਫ 15 ਕੁ ਪੌਂਡ ਬਣਦੀ ਹੈ। ਇਸ 'ਤੇ ਯੂ. ਕੇ. ਦੀਆਂ ਕੁੱਝ ਸੰਸਥਾਵਾਂ ਦੇ ਆਗੂਆਂ ਆਖਿਆ ਹੈ ਕਿ ਉਨ੍ਹਾਂ ਨੂੰ ਇਸ ਫੀਸ ਨਾਲ ਇਤਰਾਜ਼ ਨਹੀਂ ਹੈ।  ਕਾਰਸੇਵਾ ਕਮੇਟੀ ਯੂ. ਕੇ .ਦੇ ਪ੍ਰਧਾਨ ਸ. ਅਵਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਸ. ਜੋਗਾ ਸਿੰਘ, ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਸ. ਰਾਜਿੰਦਰ ਸਿੰਘ ਪੁਰੇਵਾਲ, ਗੁਰਦੁਆਰਾ ਸਿੰਘ ਸਭਾ ਗ੍ਰੇਟ ਬਾਰ ਬਰਮਿੰਘਮ ਦੇ ਸੇਵਾਦਾਰ ਸ. ਬਲਬੀਰ ਸਿੰਘ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਸ. ਰਘਬੀਰ ਸਿੰਘ ਅਤੇ ਸਿੱਖ ਸੇਵਕ ਸੁਸਾਇਟੀ ਦੇ ਜਨਰਲ ਸਕੱਤਰ ਸ. ਮਲਕੀਤ ਸਿੰਘ ਨੇ ਇਸ ਫੀਸ ਨੂੰ ਜਾਇਜ਼ ਦੱਸਿਆ ਹੈ, ਹਾਲਾਂਕਿ ਭਾਰਤੀਆਂ ਨੂੰ ਇਹ ਫੀਸ 'ਜਜ਼ੀਆ ਕਰ' ਵਾਂਗ ਲੱਗ ਰਹੀ ਹੈ। ਇਹ ਕਾਰ ਸੇਵਾ ਕਮੇਟੀ ਪਿਛਲੇ 25 ਸਾਲਾਂ ਤੋਂ ਪਾਕਿਸਤਾਨ ਵਿੱਚ ਕਰੋੜਾਂ ਰੁਪਏ ਖਰਚ ਕੇ ਗੁਰਦੁਆਰਿਆਂ ਦੀ ਸੇਵਾ ਕਰਵਾ ਰਹੀ ਹੈ ਅਤੇ ਰਿਹਾਇਸ਼ੀ ਸਰਾਵਾਂ ਤੇ ਲੰਗਰ ਹਾਲ ਬਣਵਾ ਰਹੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਕਰਤਾਰਪੁਰ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਸਹੂਲਤਾਂ ਦੇਣ ਲਈ 2000 ਏਕੜ ਦੇ ਕਰੀਬ ਜ਼ਮੀਨ ਅਕਵਾਇਰ ਕਰਕੇ ਇੰਨਾ ਵੱਡਾ ਪ੍ਰੋਜੈਕਟ ਤਿਆਰ ਕੀਤਾ ਹੈ ਅਤੇ ਕਈ ਹਜ਼ਾਰ ਕਰੋੜ ਰੁਪਏ ਖਰਚ ਕੇ ਕੋਰੀਡੋਰ ਤੇ ਸਹੂਲਤਾਂ ਪੈਦਾ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਤੋਂ ਦਿੱਲੀ ਜਾਣ ਸਮੇਂ ਇਸ ਨਾਲੋਂ ਜ਼ਿਆਦਾ ਖਰਚਾ ਟੋਲ ਪਲਾਜ਼ਿਆਂ 'ਤੇ ਹੋ ਜਾਂਦਾ ਹੈ। ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਅਜਿਹੇ ਟੋਲ ਪਲਾਜ਼ੇ ਤਾਂ ਹਰ ਦੇਸ਼ 'ਚ ਹਨ ਤੇ ਸਭ ਨੂੰ ਇਨ੍ਹਾਂ 'ਤੇ ਟੈਕਸ ਭਰਨੇ ਪੈਂਦੇ ਹਨ।