ਜਲਵਾਯੂ ਤਬਦੀਲੀ ਕਾਰਨ ਘੁੱਲ ਰਿਹੈ ਸਮੁੰਦਰੀ ਘੋਗਿਆਂ ਦਾ ਖੋਲ

10/15/2018 6:03:51 PM

ਲੰਡਨ (ਭਾਸ਼ਾ)— ਬ੍ਰਿਟੇਨ ਅਤੇ ਜਾਪਾਨ ਦੀਆਂ ਯੂਨੀਵਰਸਿਟੀਆਂ ਨੇ ਜਲਵਾਯੂ ਤਬਦੀਲੀ 'ਤੇ ਸਾਂਝੇ ਤੌਰ 'ਤੇ ਇਕ ਅਧਿਐਨ ਕੀਤਾ। ਇਸ ਅਧਿਐਨ ਵਿਚ ਉਨ੍ਹਾਂ ਪਾਇਆ ਕਿ ਬਹੁਤ ਤੇਜ਼ਾਬੀ ਸਮੁੰਦਰਾਂ ਵਿਚ ਰਹਿਣ ਵਾਲੇ ਘੋਗਿਆਂ ਲਈ ਜਿਉਂਦੇ ਰਹਿਣਾ ਮੁਸ਼ਕਲ ਸਾਬਤ ਹੋ ਰਿਹਾ ਹੈ। ਬ੍ਰਿਟੇਨ ਦੀ ਪਲਾਈਮੌਥ ਯੂਨੀਵਰਸਿਟੀ ਅਤੇ ਜਾਪਾਨ ਦੀ ਸੁਕੁਬਾ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਸਮੁੰਦਰ ਦੇ ਪਾਣੀ ਵਿਚ ਵੱਧ ਰਹੀ ਕਾਰਬਨ ਡਾਈਆਕਸਾਈਡ (CO2) ਦੀ ਮਾਤਰਾ ਦੇ ਵੱਡੇ ਆਕਾਰ ਵਾਲੇ ਸਮੁੰਦਰੀ ਘੋਗਿਆਂ ਦੇ ਖੋਲ 'ਤੇ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕੀਤਾ। 

ਖੋਜ ਕਰਤਾਵਾਂ ਨੇ ਪਾਇਆ ਕਿ ਪਾਣੀ ਵਿਚ ਲਗਾਤਾਰ ਵੱਧ ਰਹੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਨਾਲ ਘੋਗਿਆਂ ਦੇ ਖੋਲ ਦੀ ਮੋਟਾਈ, ਘਣਤਾ, ਬਣਾਵਟ ਆਦਿ 'ਤੇ ਉਲਟ ਅਸਰ ਪੈ ਰਿਹਾ ਹੈ। ਤੇਜ਼ਾਬ ਕਾਰਨ ਖੋਲ ਘੁਲ ਰਿਹਾ ਹੈ। ਖੋਜ ਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਖੋਲ ਵਾਲੇ ਹੋਰ ਜੀਵਾਂ 'ਤੇ ਵੀ ਅਜਿਹਾ ਹੀ ਪ੍ਰਭਾਵ ਪੈ ਰਿਹਾ ਹੈ। ਇਸ ਨਾਲ ਉਨ੍ਹਾਂ ਦੇ ਜੀਵਨ ਨੂੰ ਖਤਰਾ ਪੈਦਾ ਹੋ ਰਿਹਾ ਹੈ। ਸੁਕੁਬਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਬੇਨ ਹਾਰਵੇ ਨੇ ਕਿਹਾ,''ਸਮੁੰਦਰਾਂ ਦਾ ਤੇਜ਼ਾਬੀਕਰਨ ਸਪੱਸ਼ਟ ਰੂਪ ਵਿਚ ਸਮੁੰਦਰੀ ਜੀਵਨ ਲਈ ਖਤਰਾ ਹੈ।''