ਬਰਤਾਨੀਆ ਵਿੱਚ ਪੰਜਾਬੀ "ਏ ਲੈਵਲ" ਦੇ ਆਏ ਨਤੀਜੇ ਨਿਰਾਸ਼ਾਜਨਕ ਤੇ ਹੈਰਾਨ ਕਰਨ ਵਾਲੇ

08/15/2020 11:08:18 AM

ਲੰਡਨ/ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਿਰਤੋੜ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਪੰਜਾਬੀ ਏ ਲੈਵਲ 2020 ਨਤੀਜਿਆਂ ਵਿੱਚ ਪੰਜਾਬੀ ਏ ਲੈਵਲ ਕਰਨ ਵਾਲ਼ਿਆਂ ਦੀ ਗਿਣਤੀ ਘੱਟ ਕੇ ਅੱਧੀ ਰਹਿ ਗਈ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ. ਕੇ. ਦੇ ਸੰਚਾਲਕ ਸ੍. ਹਰਮੀਤ ਸਿੰਘ ਭਕਨਾ ਨੇ ਦੱਸਿਆ ਕਿ ਪੰਜਾਬੀ ਏ ਲੈਵਲ 2020 ਦੇ ਨਤੀਜੇ ਬਹੁਤ ਹੀ ਨਿਰਾਸ਼ਾਜਨਕ ਤੇ ਹੈਰਾਨ ਕਰਨ ਵਾਲੇ ਹਨ। ਜਿਸ ਦੀ ਉਮੀਦ ਕਿਸੇ ਨੇ ਵੀ ਨਹੀਂ ਕੀਤੀ ਸੀ। ਉਹਨਾਂ ਕਿਹਾ ਕਿ ਪੰਜਾਬੀ ਏ ਲੈਵਲ ਕਰਨ ਵਾਲ਼ਿਆਂ ਦੀ ਗਿਣਤੀ ਨੂੰ ਵਧਾਉਣ ਲਈ ਨਵੀਂ ਰਣਨੀਤੀ ਅਪਣਾਉਣ ਦੀ ਲੋੜ ਹੈ ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋ ਕੇ ਯੋਜਨਾਬੱਧ ਤਰੀਕੇ ਨਾਲ ਯਤਨ ਕਰਨੇ ਪੈਣਗੇ।

ਸੈਜਲੀ ਸਟ੍ਰੀਟ ਗੁਰਦੁਆਰਾ ਸਾਹਿਬ ਵੁਲਵਰਹੈਪਟਨ ਵੱਲੋਂ ਚਲਾਏ ਜਾ ਰਹੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਸ. ਨਿਰੰਜਨ ਸਿੰਘ ਢਿਲੋਂ ਨੇ ਦੱਸਿਆ ਕਿ ਉਹਨਾਂ ਕੋਲ ਕੁੱਲ 49 ਵਿਦਿਆਰਥੀਆਂ ਨੇ ਇਸ ਸਾਲ ਪੰਜਾਬੀ ਏ ਲੈਵਲ ਦਾ ਇਮਤਿਹਾਨ ਦਿੱਤਾ ਹੈ। ਜਿਸ ਦਾ ਮਤਲਬ ਹੈ ਕਿ ਵੁੱਲਵਰਹੈਪਟਨ ਦੇ ਖਾਲਸਾ ਕਾਲਜ ਨੂੰ ਛੱਡ ਕੇ ਪੂਰੇ ਯੂ. ਕੇ. ਵਿੱਚੋਂ ਸਿਰਫ 56 ਵਿਦਿਆਰਥੀਆਂ ਨੇ ਹੀ ਇਸ ਸਾਲ ਪੰਜਾਬੀ ਏ ਲੈਵਲ ਦਾ ਇਮਤਿਹਾਨ ਦਿੱਤਾ ਹੈ ਜੋ ਕਿ ਬਹੁਤ ਹੀ ਨਿਰਾਸ਼ ਕਰਨ ਵਾਲਾ ਹੈ।

 

ਯਾਦ ਰਹੇ 2015 ਵਿੱਚ ਯੂ. ਕੇ. ਸਰਕਾਰ ਨੇ ਪੰਜਾਬੀ ਏ ਲੈਵਲ ਨੂੰ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਕਰਕੇ 2017 ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਪੰਜਾਬੀ ਭਾਈਚਾਰੇ ਦੀ ਭਾਰੀ ਜੱਦੋ-ਜਹਿਦ ਤੋਂ ਬਾਅਦ ਯੂ. ਕੇ. ਸਰਕਾਰ ਨੇ ਆਪਣਾ ਫੈਸਲਾ 2016 ਵਿੱਚ ਵਾਪਸ ਲੈ ਲਿਆ ਸੀ। ਸਕਾਟਲੈਂਡ ਦੇ ਸਹਿਰ ਗਲਾਸਗੋ ਦੇ ਐਲਬਰਟ ਡਰਾਈਵ ਗੁਰਦੁਆਰਾ ਸਾਹਿਬ ਵਿਖੇ ਚੱਲਦੇ ਪੰਜਾਬੀ ਸਕੂਲ ਦੇ 5 ਬੱਚਿਆਂ ਨੇ ਏ ਲੈਵਲ ਦਾ ਇਮਤਿਹਾਨ ਦਿੱਤਾ ਸੀ, ਜਿਹਨਾਂ ਵਿੱਚੋਂ 2 ਨੇ ਏ+, 2 ਨੇ ਬੀ ਅਤੇ ਇੱਕ ਨੇ ਏ ਦਰਜ਼ਾ ਹਾਸਲ ਕੀਤਾ। ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪੰਜਾਬੀ ਸਕੂਲ ਦਾ ਇੱਕ ਬੱਚਾ ਹੀ ਇਮਤਿਹਾਨ ਵਿੱਚ ਬੈਠਿਆ ਸੀ ਤੇ ਉਸਨੇ ਏ ਲੈਵਲ ਪਾਸ ਵੀ ਕੀਤਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਪੰਜਾਬੀ ਨੂੰ ਮਾਣ ਦਿਵਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਦੂਜੇ ਪਾਸੇ ਅਕਾਦਮਿਕ ਖੇਤਰ ਵਿੱਚ ਪੰਜਾਬੀ ਦਾ ਮਾਣ ਖੁੱਸਦਾ ਨਜ਼ਰ ਆ ਰਿਹਾ ਹੈ। 

 


Lalita Mam

Content Editor

Related News