ਯੂ. ਕੇ. 'ਚ ਪੁਲਸ ਵਿਭਾਗ ਦੀ ਗ਼ਲਤੀ ਨਾਲ ਗੁੰਮ ਹੋਏ ਸੈਂਕੜੇ ਅਪਰਾਧੀਆਂ ਦੇ ਰਿਕਾਰਡ

01/16/2021 1:47:15 PM

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਹਰ ਇਕ ਦੇਸ਼ ਵਿਚ ਅਪਰਾਧ ਨੂੰ ਕਾਬੂ ਕਰਨ ਲਈ ਸੁਰੱਖਿਆ ਸੰਸਥਾਵਾਂ ਦੁਆਰਾ ਅਪਰਾਧੀ ਵਿਅਕਤੀਆਂ ਦਾ ਇਕੱਠਾ ਕੀਤਾ ਹੋਇਆ ਰਿਕਾਰਡ ਬਹੁਤ ਮਹੱਤਵਪੂਰਨ ਹੁੰਦਾ ਹੈ, ਜਿਸ ਦੀ ਲੋੜ ਪੈਣ 'ਤੇ ਆਸਾਨੀ ਨਾਲ ਕਿਸੇ ਅਪਰਾਧੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਪਰ ਯੂ. ਕੇ. ਵਿਚ ਪੁਲਸ ਵਿਭਾਗ ਦੀ ਕੰਪਿਊਟਰ ਪ੍ਰਣਾਲੀ ਵਿਚ ਰੱਖਿਆ ਸੈਂਕੜੇ ਅਪਰਾਧੀਆਂ ਦਾ ਰਿਕਾਰਡ ਕਿਸੇ ਤਕਨੀਕੀ ਗ਼ਲਤੀ ਨਾਲ ਗੁੰਮ ਹੋ ਗਿਆ ਹੈ। 

ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਨਾਲ ਤਕਰੀਬਨ 4 ਲੱਖ ਤੋਂ ਵੱਧ ਜੁਰਮ ਦੇ ਰਿਕਾਰਡ ਪ੍ਰਭਾਵਿਤ ਹੋ ਸਕਦੇ ਸਨ। ਦੇਸ਼ ਦੇ ਅਪਰਾਧੀਆਂ ਨਾਲ ਸੰਬੰਧਤ ਇਹ ਰਿਕਾਰਡ 10 ਜਨਵਰੀ ਨੂੰ ਕੰਪਿਊਟਰ ਪ੍ਰਣਾਲੀ ਵਿਚ ਕੋਡਿੰਗ ਦੀ ਗਲਤੀ ਕਾਰਨ ਮਿਟ ਗਏ ਸਨ, ਜਿਸ ਦੇ ਤਹਿਤ ਪੁਲਸ ਦੇ ਕੌਂਮੀ ਕੰਪਿਊਟਰ (ਪੀ. ਐੱਨ. ਸੀ.) ਸਿਸਟਮ ਵਿਚ ਫਿੰਗਰ ਪ੍ਰਿੰਟ, ਡੀ. ਐੱਨ. ਏ. ਅਤੇ ਗ੍ਰਿਫ਼ਤਾਰੀ ਸੰਬੰਧੀ ਰਿਕਾਰਡ ਆਦਿ ਪ੍ਰਭਾਵਿਤ ਹੋਏ ਹਨ। ਇਸ ਮਾਮਲੇ ਕਾਰਨ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਜਾਂਚ ਕਰਵਾਉਣ ਲਈ ਦਬਾਅ ਪੈ ਰਿਹਾ ਹੈ। 

ਪੀ. ਐੱਨ. ਸੀ. ਸੰਗਠਨ ਦੀ ਅਗਵਾਈ ਕਰਨ ਵਾਲੇ ਡਿਪਟੀ ਚੀਫ਼ ਕਾਂਸਟੇਬਲ ਨਵੀਦ ਮਲਿਕ ਵੱਲੋਂ ਸ਼ੁੱਕਰਵਾਰ ਨੂੰ ਨੈਸ਼ਨਲ ਪੁਲਸ ਚੀਫ਼ ਕੌਂਸਲ (ਐਨ ਪੀ ਸੀ ਸੀ) ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜਿਆ ਇਕ ਪੱਤਰ ਇਨ੍ਹਾਂ ਗੁੰਮ ਹੋਏ ਰਿਕਾਰਡਾਂ ਦੀ ਜਾਣਕਾਰੀ ਦਿੰਦਾ ਹੈ, ਜਿਸ ਅਨੁਸਾਰ ਪੀ. ਐੱਨ. ਸੀ. ਦੇ ਤਕਰੀਬਨ 2,13,000 ਜੋ ਕਿ ਪਹਿਲਾਂ 1,50,000 ਦੱਸੇ ਗਏ ਸਨ ਨਾਲ ਸੰਬੰਧਤ ਅਪਰਾਧਿਕ ਰਿਕਾਰਡ, ਗ੍ਰਿਫ਼ਤਾਰੀ ਸੰਬੰਧੀ ਰਿਕਾਰਡ ,ਡੀ. ਐੱਨ. ਏ. ਰਿਕਾਰਡ ਅਤੇ ਫਿੰਗਰਪ੍ਰਿੰਟ ਰਿਕਾਰਡ ਗ਼ਲਤੀ ਨਾਲ ਮਿਟ ਗਏ ਹਨ। ਪੁਲਸ ਵਿਭਾਗ ਦੇ ਰਿਕਾਰਡ ਵਿੱਚੋਂ ਗੁੰਮ ਹੋਏ ਇਨ੍ਹਾਂ ਅੰਕੜਿਆਂ ਨਾਲ ਵਿਭਾਗ ਨੂੰ ਡਰ ਹੈ ਕਿ ਇਸ ਨਾਲ ਅਪਰਾਧੀਆਂ ਨੂੰ ਪਛਾਨਣ ਵਿਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰਹਿ ਦਫ਼ਤਰ ਅਨੁਸਾਰ ਉਹ ਇਸ ਗ਼ਲਤੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪੁਲਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਪੁਲਸ ਮੰਤਰੀ ਕਿੱਟ ਮਾਲਥਾਊਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਵਿਭਾਗ ਦੇ ਡਾਟਾਬੇਸ ਵਿੱਚੋਂ ਗਲਤੀ ਨਾਲ ਜੋ ਰਿਕਾਰਡ ਮਿਟੇ ਸਨ, ਉਨ੍ਹਾਂ ਸੰਬੰਧੀ ਜਾਰੀ ਪ੍ਰਕਿਰਿਆ ਇਸ ਸਮੇਂ ਜਾਂਚ ਅਧੀਨ ਹੈ।

Lalita Mam

This news is Content Editor Lalita Mam