ਯੂ. ਕੇ. ''ਚ ਅੱਜ ਤੋਂ ਨਿਯਮ ਨੰ. 6 ਦੀ ਹੋਵੇਗੀ ਸਖ਼ਤੀ ਨਾਲ ਪਾਲਣਾ : ਬੋਰਿਸ

09/14/2020 12:13:56 PM

ਲੰਡਨ, (ਰਾਜਵੀਰ ਸਮਰਾ)- ਬਰਤਾਨੀਆ ਵਿਚ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜਨਤਾ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸੋਮਵਾਰ ਤੋਂ ਨਿਯਮ ਨੰਬਰ 6 ਦੀ ਸਖ਼ਤੀ ਨਾਲ ਪਾਲਣਾ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ "ਨਿਯਮ ਨੰਬਰ-6" ਤੋਂ ਭਾਵ ਹੈ ਕਿ ਕਿਸੇ ਵੀ ਪ੍ਰਕਾਰ ਦਾ 6 ਤੋਂ ਵੱਧ ਇਕੱਠ ਨਾ ਕਰਨਾ ਹੈ। ਭਾਵੇਂ ਘਰ ਹੋਵੇ ਜਾਂ ਬਾਹਰ ਜਨਤਕ ਸਥਾਨ ਹੋਵੇ ਜਾਂ ਪੱਬ, ਕਿਤੇ ਵੀ ਇਕੱਠ ਨਾ ਕੀਤਾ ਜਾਵੇ ਅਤੇ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ। ਇਹ ਕੰਮ ਪੁਲਸ ਫੋਰਸ ਵਲੋਂ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਹੈ ਕਿ ਇਕੱਠ ਨਾ ਕੀਤਾ ਜਾਵੇ ਪਰ ਅਫ਼ਸੋਸ ਕਿ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕੋਰੋਨਾ ਵਾਇਰਸ ਦੇ ਹਾਵੀ ਹੋਣ ਦੇ ਮੌਕੇ ਵੱਧ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕਾਨੂੰਨ ਦਾ ਪਾਲਣ ਕੀਤਾ ਜਾਵੇ। ਬੋਰਿਸ ਜਾਨਸਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ ਲੋਕਾਂ ਦੀ ਸੁਰੱਖਿਆ ਚਾਹੁੰਦੇ ਹਨ ਅਤੇ ਅਜਿਹੀਆਂ ਪਾਬੰਦੀਆਂ ਦੇ ਉਹ ਹੱਕ ਵਿੱਚ ਨਹੀਂ ਹਨ ਪਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਸਿਹਤ ਦੀ ਰੱਖਿਅਕ ਬਣੇ।  

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਗੈਰ ਸਹਿਯੋਗ ਦੇ ਕੁਝ ਸੰਭਵ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ 6 ਤੋਂ ਵੱਧ ਇਕੱਠ ਨਾ ਹੋਵੇ। ਮਿਸਾਲ ਵਜੋਂ ਦੋ ਗੁਆਂਢੀ ਆਪਸ ਵਿਚ ਮਿਲਣ ਪਰ ਧਿਆਨ ਰੱਖਿਆ ਜਾਵੇ ਕਿ ਗਿਣਤੀ 6 ਤੌਂ ਵੱਧ ਨਾ ਹੋਵੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਹਰ ਹੀਲੇ ਰੋਕਿਆ ਜਾਵੇਗਾ ਕਿਉਂਕਿ ਇਸ ਦਾ ਇਲਾਜ ਹੀ ਨਹੀਂ। ਬਰਤਾਨੀਆ ਸਰਕਾਰ ਇਸ ਵਾਇਰਸ ਤੋਂ ਹੋਣ ਵਾਲੀਆਂ ਮੌਤਾਂ ਨੂੰ ਹਰ ਹਾਲ ਵਿਚ ਰੋਕੇਗੀ।

Lalita Mam

This news is Content Editor Lalita Mam