ਯੂ. ਕੇ. : ਪੀ. ਐੱਮ. ਬੌਰਿਸ ਜੌਹਨਸਨ ਨੇ ਲੋਕਾਂ ਨੂੰ ਨਵਾਂ ਸਾਲ ਘਰਾਂ ਅੰਦਰ ਹੀ ਮਨਾਉਣ ਦੀ ਕੀਤੀ ਅਪੀਲ

12/31/2020 2:42:22 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਸਾਲ 2020 ਵਿੱਚ ਸਾਰੀ ਹੀ ਦੁਨੀਆਂ ਨੇ ਕੋਰੋਨਾਂ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰਦਿਆਂ ਕਾਫੀ ਨੁਕਸਾਨ ਝੱਲਿਆ ਹੈ। ਇਹ ਸਾਲ ਹੁਣ ਖਤਮ ਹੋਣ ਦੀ ਕਗਾਰ 'ਤੇ ਹੈ ਅਤੇ ਨਵਾਂ ਸਾਲ 2021 ਦਸਤਕ ਦੇ ਰਿਹਾ ਹੈ।

ਇਸ ਨਵੇਂ ਸਾਲ ਨੂੰ ਕੋਰੋਨਾ ਮੁਕਤ ਕਰਨ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਦੇ ਮੰਤਵ ਨਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੋਕਾਂ ਨੂੰ ਨਵੇਂ ਸਾਲ ਦੇ ਜ਼ਸਨ ਬਾਹਰ ਨਾ ਜਾ ਕੇ ਘਰ ਅੰਦਰ ਹੀ ਰਹਿ ਕੇ ਮਨਾਉਣ ਦੀ ਬੇਨਤੀ ਕੀਤੀ ਹੈ। ਕੋਰੋਨਾਂ ਵਾਇਰਸ ਟੀਕਾਕਰਨ ਦੇ ਬਾਵਜੂਦ ਵੀ ਯੂ. ਕੇ. ਵਿਚ ਵਾਇਰਸ ਦੀ ਲਾਗ ਦੇ ਮਾਮਲੇ ਵੱਧ ਹੋ ਰਹੇ ਹਨ, ਇਸ ਲਈ ਨਵੇਂ ਸਾਲ ਦੌਰਾਨ ਵਾਇਰਸ ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਜੋਂ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ।

ਇਸ ਲਈ ਪ੍ਰਧਾਨ ਮੰਤਰੀ ਦੀ ਸਲਾਹ ਹੈ ਕਿ ਇਸ ਹਫਤੇ ਨਵੇਂ ਸਾਲ ਦੇ ਤਿਉਹਾਰ ਨੂੰ ਲੋਕ ਆਪਣੇ ਨਜ਼ਦੀਕੀ ਪਰਿਵਾਰਾਂ ਨਾਲ ਘਰ ਵਿੱਚ ਹੀ ਮਨਾਉਣ ਕਿਉਂਕਿ ਕੋਵਿਡ ਦੇਸ਼ ਭਰ ਵਿੱਚ ਫੈਲ ਰਿਹਾ ਹੈ। ਕੋਰੋਨਾਂ ਵਾਇਰਸ ਦੇ ਤਾਜਾ ਅੰਕੜਿਆਂ ਅਨੁਸਾਰ ਦੇਸ਼ ਨੇ 50,000 ਹੋਰ ਕੇਸ ਦਰਜ ਕੀਤੇ ਹਨ ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਨਵੇਂ ਇਨਫੈਕਸ਼ਨਾਂ ਦੀ ਗਿਣਤੀ ਹੈ, ਅਤੇ ਇਸਦੇ ਨਾਲ ਹੀ 981 ਹੋਰ ਮੌਤਾਂ ਵੀ ਦਰਜ਼ ਹੋਈਆਂ ਹਨ। ਇਸਦੇ ਇਲਾਵਾ ਨਵੇਂ ਸਾਲ 'ਚ ਵਾਇਰਸ ਦੀ ਲਾਗ ਦਰ ਨੂੰ ਘਟਾਉਣ ਲਈ ਸਿਹਤ ਸਕੱਤਰ ਮੈਟ ਹੈਨਕਾਕ ਨੇ ਨਵੇਂ ਸਾਲ ਤੋਂ ਕਈ ਹੋਰ ਖੇਤਰਾਂ ਨੂੰ ਟੀਅਰ ਚਾਰ ਤਾਲਾਬੰਦੀ ਵਿੱਚ ਸ਼ਾਮਲ ਕਰਨ ਦੀ ਪੁਸ਼ਟੀ ਕੀਤੀ ਹੈ।
 

Lalita Mam

This news is Content Editor Lalita Mam