ਬ੍ਰਿਟੇਨ ਨੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ''ਗੰਭੀਰਤਾ'' ਨਾਲ ਲੈਣ ਦਾ ਲਿਆ ਸੰਕਲਪ

03/20/2023 11:16:28 AM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਉੱਚ ਅਧਿਕਾਰੀਆਂ ਨੇ ਵੱਖਵਾਦੀ ਖਾਲਿਸਤਾਨੀ ਝੰਡੇ ਲਹਿਰਾਉਣ ਵਾਲੇ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਨੂੰ ‘ਸ਼ਰਮਨਾਕ’ ਅਤੇ ‘ਪੂਰੀ ਤਰ੍ਹਾਂ ਅਸਵੀਕਾਰਨਯੋਗ’ ਕਰਾਰ ਦਿੰਦਿਆਂ ਕਿਹਾ ਕਿ ਬ੍ਰਿਟਿਸ਼ ਸਰਕਾਰ ਇੱਥੇ ਭਾਰਤੀ ਮਿਸ਼ਨ ਦੀ ਸੁਰੱਖਿਆ ਨੂੰ "ਗੰਭੀਰਤਾ ਨਾਲ" ਲਵੇਗੀ। ਜ਼ਿਕਰਯੋਗ ਹੈ ਕਿ, ਖਾਲਿਸਤਾਨੀ ਝੰਡੇ ਲਹਿਰਾਉਂਦੇ ਹੋਏ ਅਤੇ ਖਾਲਿਸਤਾਨ ਪੱਖੀ ਨਾਅਰੇ ਲਗਾ ਰਹੇ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਐਤਵਾਰ ਸ਼ਾਮ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਉੱਪਰ ਲਹਿਰਾਏ ਗਏ ਤਿਰੰਗੇ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਕੋਸ਼ਿਸ਼ ਅਸਫ਼ਲ ਰਹੀ ਅਤੇ ਤਿਰੰਗਾ ਮਾਣ ਨਾਲ ਲਹਿਰਾ ਰਿਹਾ ਹੈ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਸੁਰੱਖਿਆ ਅਮਲੇ ਦੇ 2 ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਉਹ "ਹਿੰਸਕ ਅਵਿਵਸਥਾ ਅਤੇ ਭੰਨਤੋੜ" ਦੀ ਨਿੰਦਾ ਕਰਦੇ ਹਨ। ਉਨ੍ਹਾਂ ਨੇ ਟਵੀਟ ਕੀਤਾ, “ਸਾਡੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ।” 

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ, ਬਿੱਲੀਆਂ ਅਤੇ ਕੁੱਤੇ ਫੈਲਾ ਰਹੇ ਦਵਾਈਆਂ ਬੇਅਸਰ ਕਰਨ ਵਾਲਾ ਜੀਵਾਣੂ

ਭਾਰਤ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਇਸ ਘਟਨਾ ਨੂੰ “ਸ਼ਰਮਨਾਕ” ਅਤੇ “ਪੂਰੀ ਤਰ੍ਹਾਂ ਅਸਵੀਕਾਰਨਯੋਗ” ਦੱਸਿਆ। ਵਿਦੇਸ਼ ਦਫਤ਼ਰ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ ਕਿ ਉਹ "ਹੈਰਾਨ" ਹਨ ਅਤੇ ਸਰਕਾਰ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ "ਗੰਭੀਰਤਾ ਨਾਲ" ਲਵੇਗੀ। ਉਨ੍ਹਾਂ ਟਵੀਟ ਕੀਤਾ, "ਮਿਸ਼ਨ ਅਤੇ ਇਸ ਦੇ ਕਰਮਚਾਰੀਆਂ ਦੀ ਅਖੰਡਤਾ ਦੇ ਖਿਲਾਫ ਇਹ ਕਦਮ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਾਰਵਾਈ ਹੈ।" ਸਕਾਟਲੈਂਡ ਯਾਰਡ ਨੇ ਕਿਹਾ ਕਿ ਉਸਨੂੰ ਐਤਵਾਰ ਦੁਪਹਿਰ ਨੂੰ ਹਿੰਸਾ ਦੀਆਂ ਰਿਪੋਰਟਾਂ ਮਿਲੀਆਂ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਟਰੋਪੋਲੀਟਨ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, "ਹਾਈ ਕਮਿਸ਼ਨ ਦੀ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਹਨ।" ਇਸ ਵਿਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਿੰਸਾ ਦੇ ਸਬੰਧ ਵਿਚ ਥੋੜ੍ਹੀ ਦੇਰ ਬਾਅਦ ਇਕ ਆਦਮੀ ਨੂੰ ਨੇੜਲੀ ਜਗ੍ਹਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ, ਭਾਰਤ ਨੇ ਆਪਣੇ ਡਿਪਲੋਮੈਟਿਕ ਮਿਸ਼ਨ ਦੀ ਸੁਰੱਖਿਆ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਇਮਾਰਤ ਵਿੱਚ ਲੋੜੀਂਦੀ ਸੁਰੱਖਿਆ ਦੀ ਘਾਟ 'ਤੇ ਸਵਾਲ ਉਠਾਇਆ। ਟੁੱਟੀਆਂ ਖਿੜਕੀਆਂ ਅਤੇ 'ਇੰਡੀਆ ਹਾਊਸ' ਦੀ ਇਮਾਰਤ 'ਤੇ ਚੜ੍ਹੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: ਭਾਰਤ ਪੁੱਜੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, PM ਮੋਦੀ ਨਾਲ ਵੱਖ-ਵੱਖ ਮੁੱਦਿਆਂ 'ਤੇ ਕਰਨਗੇ ਚਰਚਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry