ਬ੍ਰਿਟੇਨ : ਵਿਰੋਧੀ ਧਿਰ ਦੀ ਕਮਾਨ ਭਾਰਤੀ ਮੂਲ ਦੀ ਲਿਸਾ ਦੇ ਹੱਥ ਆਉਣ ਦੀ ਉਮੀਦ

12/16/2019 11:52:26 AM

ਲੰਡਨ— ਬ੍ਰਿਟੇਨ ਦੀਆਂ ਆਮ ਚੋਣਾਂ 'ਚ ਆਪਣੀ ਲੇਬਰ ਪਾਰਟੀ ਦੀ ਕਰਾਰੀ ਹਾਰ ਵਿਚਕਾਰ ਮੁੜ ਚੋਣਾਂ ਜਿੱਤਣ ਵਾਲੀ ਭਾਰਤੀ ਮੂਲ ਦੀ ਸੰਸਦ ਮੈਂਬਰ ਲਿਸਾ ਨੰਦੀ ਨੇ ਪਾਰਟੀ ਦੇ ਨੇਤਾ ਜੈਰੇਮੀ ਕਾਰਬਿਨ ਦਾ ਥਾਂ ਲੈਣ ਦੀ ਦੌੜ 'ਚ ਸ਼ਾਮਲ ਹੋਣ ਦੀ ਐਤਵਾਰ ਨੂੰ ਪੁਸ਼ਟੀ ਕੀਤੀ। 40 ਸਾਲਾ ਸੰਸਦ ਮੈਂਬਰ ਨੇ ਇੰਗਲੈਂਡ ਦੀ ਵਿਗਨ ਸੀਟ ਤੋਂ ਜਿੱਤ ਦਰਜ ਕੀਤੀ। ਜੇਰੇਮੀ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਅਗਲੀਆਂ ਆਮ ਚੋਣਾਂ 'ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ ਅਤੇ ਉਨ੍ਹਾਂ 'ਤੇ ਜਲਦੀ ਤੋਂ ਜਲਦੀ ਅਸਤੀਫਾ ਦੇਣ ਦਾ ਦਬਾਅ ਵਧ ਰਿਹਾ ਹੈ।
 ਲਿਸਾ ਪਾਰਟੀ ਲਈ ਯੋਜਨਾਵਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੱਚਾ ਜਵਾਬ ਇਹ ਹੈ ਕਿ ਮੈਂ ਗੰਭੀਰਤਾ ਨਾਲ ਇਸ ਦੇ ਬਾਰੇ 'ਚ ਸੋਚ ਰਹੀ ਹਾਂ। ਇਸ ਬਾਰੇ ਸੋਚਣ ਦਾ ਕਾਰਨ ਹੈ ਕਿ ਅਸੀਂ ਕਰਾਰੀ ਹਾਰ ਦਾ ਸਾਹਮਣਾ ਕੀਤਾ ਹੈ ਅਤੇ ਅਸੀਂ ਦੇਖਿਆ ਕਿ ਲੇਬਰ ਪਾਰਟੀ ਦਾ ਆਧਾਰ ਖਿਸਕ ਰਿਹਾ ਹੈ। ਸਾਨੂੰ ਹੁਣ ਗੰਭੀਰਤਾ ਨਾਲ ਇਹ ਸੋਚਣ ਦੀ ਜ਼ਰੂਰਤ ਹੈ ਕਿ ਲੇਬਰ ਪਾਰਟੀ ਦੇ ਵੋਟਰਾਂ ਨੂੰ ਵਾਪਸ ਪਾਰਟੀ ਦੇ ਸਮਰਥਨ 'ਚ ਲਿਆਉਣ ਲਈ ਕੀ ਕੀਤਾ ਜਾ ਸਕਦਾ ਹੈ।'' ਲੇਬਰ ਪਾਰਟੀ ਦੇ ਨੇਤਾ ਅਹੁਦੇ ਦੀਆਂ ਚੋਣਾਂ ਦੀ ਦੌੜ 'ਚ ਸ਼ਾਮਲ ਹੋਣ ਉਮੀਦਵਾਰਾਂ 'ਚ ਬ੍ਰੈਗਜ਼ਿਟ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਕੀਰ ਸਟਾਰਮਰ ਅਤੇ ਬਕਿੰਘਮ ਦੇ ਸੰਸਦ ਮੈਂਬਰ ਜੇਸ ਫਿਲਿਪਸ ਨੂੰ ਵੀ ਦੇਖਿਆ ਜਾ ਰਿਹਾ ਹੈ।

ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਨੇ ਆਮ ਚੋਣਾਂ 'ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਲਈ ਐਤਵਾਰ ਨੂੰ ਮੁਆਫੀ ਮੰਗੀ। ਜ਼ਿਕਰਯੋਗ ਹੈ ਕਿ 3 ਸਾਲ ਤੋਂ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਨੂੰ ਲੈ ਕੇ ਜਾਰੀ ਰਾਜਨੀਤਕ ਖਿੱਚੋਤਾਣ 'ਚ ਕਾਰਬਿਨ ਦੀਆਂ ਨਵੀਆਂ ਨੀਤੀਆਂ ਵੋਟਰਾਂ ਨੂੰ ਲੁਭਾਉਣ 'ਚ ਅਸਫਲ ਰਹੀਆਂ। ਉੱਥੇ ਹੀ ਜਾਨਸਨ ਨੇ ਆਪਣੀ ਪੂਰੀ ਮੁਹਿੰਮ 'ਬ੍ਰੈਗਜ਼ਿਟ ਹੋਵੇਗਾ' 'ਤੇ ਕੇਂਦਰਿਤ ਕੀਤੀ ਅਤੇ 31 ਜਨਵਰੀ ਤਕ ਈ. ਯੂ. ਤੋਂ ਵੱਖ ਹੋਣ ਦੀ ਸਮਾਂ ਸੀਮਾ ਦਿੱਤੀ।