ਖਸ਼ੋਗੀ ਮਾਮਲਾ: ਸਾਊਦੀ ਅਰਬ ਜਾਣਗੇ ਬ੍ਰਿਟੇਨ ਵਿਦੇਸ਼ ਮੰਤਰੀ, ਬਣਾਉਣਗੇ ਦਬਾਅ

11/12/2018 1:52:49 PM

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਸੋਮਵਾਰ ਨੂੰ ਸਾਊਦੀ ਅਰਬ ਦਾ ਦੌਰਾ ਕਰਨਗੇ, ਜਿਥੇ ਉਹ ਪੱਤਰਕਾਰ ਖਸ਼ੋਗੀ ਦੇ ਕਤਲ ਨੂੰ ਲੈ ਕੇ ਉਥੋਂ ਦੇ ਸ਼ਾਹ ਸਲਮਾਨ ਤੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ 'ਤੇ ਜਾਂਚ ਲਈ ਦਬਾਅ ਬਣਾਉਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਯਾਤਰਾ ਦੌਰਾਨ ਹੰਟ ਯਮਨ 'ਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਟੀਚੇ ਨਾਲ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਲਈ ਸਮਰਥਨ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰਨਗੇ। ਖਾੜੀ ਦੇਸ਼ ਦੀ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ ਵੀ ਜਾਣਗੇ।

ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਛਾਏ ਡਿਪਲੋਮੈਟਿਕ ਸੰਕਟ ਵਿਚਾਲੇ ਉਨ੍ਹਾਂ ਦੀ ਇਹ ਯਾਤਰਾ ਹੋਣ ਜਾ ਰਹੀ ਹੈ। ਹੰਟ ਸਾਊਦੀ ਦੇ ਵਿਦੇਸ਼ ਮੰਤਰੀ ਆਦੇਲ ਅਲ-ਜ਼ੁਬੇਰ ਨਾਲ ਵੀ ਮੁਲਾਕਾਤ ਕਰਨਗੇ। ਹੰਟ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਇਕ ਮਹੀਨਾ ਪਹਿਲਾਂ ਜਮਾਲ ਖਸ਼ੋਗੀ ਦੇ ਹੋਏ ਕਤਲ ਨੂੰ ਲੈ ਕੇ ਗੁੱਸੇ 'ਚ ਤੇ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਇਹ ਸਵੀਕਾਰਯੋਗ ਨਹੀਂ ਹੈ ਕਿ ਖਸ਼ੋਗੀ ਦੇ ਕਤਲ ਪਿੱਛੇ ਦੀਆਂ ਪਰਿਸਥਿਤੀਆਂ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀਆਂ ਹਨ।

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ 2 ਅਕਤੂਬਰ ਨੂੰ ਇਸਤਾਂਬੁੱਲ ਦੇ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ। ਸਾਊਦੀ ਅਰਬ ਦੇ ਸ਼ਹਿਜ਼ਾਦੇ 'ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਸ ਘਟਨਾ ਤੋਂ ਬਾਅਦ ਸਾਊਦੀ ਸ਼ਾਸਨ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਵਾਸ਼ਿੰਗਟਨ ਪੋਸਟ ਦੇ ਲਈ ਲਿਖਣ ਵਾਲੇ ਖਸ਼ੋਗੀ ਕਈ ਗੱਲਾਂ ਨੂੰ ਲੈ ਕੇ ਸਾਊਦੀ ਸ਼ਾਸਨ ਦੀ ਨਿੰਦਾ ਕਰਦੇ ਰਹੇ ਸਨ।