ਯੂ. ਕੇ. : ਤਾਲਾਬੰਦੀ ਕਾਰਨ ਰੱਦ ਹੋਏ ਇਲਾਜਾਂ ਕਾਰਨ ਮਰ ਸਕਦੇ ਹਨ 75,000 ਲੋਕ

09/26/2020 4:43:10 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਤਾਲਾਬੰਦੀ ਸਭ ਤੋਂ ਅਹਿਮ ਉਪਾਅ ਹੈ, ਪਰ ਇਸ ਦੇ ਸਿੱਟੇ ਵਜੋਂ ਬਾਕੀ ਦੀਆਂ ਸਿਹਤ ਸਹੂਲਤਾਂ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੀਆਂ ਹਨ। ਹੁਣ ਯੂ. ਕੇ. ਦੀ ਤਾਲਾਬੰਦੀ ਹੋਣ ਦੇ ਨਤੀਜੇ ਵਜੋਂ ਗੈਰ-ਕੋਰੋਨਾ ਵਾਇਰਸ ਲਗਭਗ 75,000 ਲੋਕ ਮਰ ਸਕਦੇ ਹਨ ਕਿਉਂਕਿ ਤਾਲਾਬੰਦੀ ਕਾਰਨ ਉਨ੍ਹਾਂ ਦੇ ਚੱਲ ਰਹੇ ਇਲਾਜ ਰੱਦ ਹੋ ਸਕਦੇ ਹਨ।

ਇਸ ਮਾਮਲੇ ਸੰਬੰਧੀ ਇਕ ਚਿੰਤਾਜਨਕ ਰਿਪੋਰਟ ਸਰਕਾਰ ਦੇ ਮੁੱਖ ਸਲਾਹਕਾਰਾਂ ਨੂੰ ਪੇਸ਼ ਕੀਤੀ ਗਈ ਹੈ। ਸਰਕਾਰ ਦੇ ਵਿਗਿਆਨਕ ਸਲਾਹਕਾਰਾਂ ਦੇ ਸਮੂਹ ਨੂੰ ਪੇਸ਼ ਕੀਤੀ ਗਈ ਖੋਜ ਵਿਚ ਕਿਹਾ ਗਿਆ ਹੈ ਕਿ ਮਾਰਚ ਅਤੇ ਅਪ੍ਰੈਲ ਵਿਚ 16,000 ਲੋਕਾਂ ਨੇ ਕੇਅਰ ਹੋਮ ਅਤੇ ਹਸਪਤਾਲਾਂ ਵਿਚ ਆਪਣੀ ਜਾਨ ਗੁਆ ਦਿੱਤੀ ਹੈ। 

ਅਜਿਹਾ ਡਰ ਹੈ ਕਿ ਅਗਲੇ ਸਾਲ ਦੇ ਅੰਦਰ ਹੋਰ 26,000 ਲੋਕ ਮਰ ਜਾਣਗੇ ਜੇਕਰ ਇਹ ਲੋਕ ਇਲਾਜ ਅਤੇ ਏ ਐਂਡ ਈ ਤੋਂ ਦੂਰ ਰਹਿੰਦੇ ਹਨ। ਇਸ ਦੇ ਨਾਲ ਹੀ ਅਗਲੇ ਪੰਜ ਸਾਲਾਂ ਦੌਰਾਨ ਕੈਂਸਰ ਦੀ ਖੁੰਝੀ ਹੋਈ ਜਾਂਚ, ਰੱਦ ਕੀਤੇ ਆਪ੍ਰੇਸ਼ਨ ਅਤੇ ਮੰਦੀ ਦੇ ਸਿਹਤ ਪ੍ਰਭਾਵਾਂ ਦੇ ਕਾਰਨ ਅਗਲੇ ਪੰਜ ਸਾਲਾਂ ਵਿੱਚ 31,900 ਲੋਕ ਮਰ ਸਕਦੇ ਹਨ।

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜੇ ਸਰਕਾਰ ਮਾਰਚ ਵਿੱਚ ਦੇਸ਼ ਭਰ ਵਿਚ ਸਖ਼ਤ ਤਾਲਾਬੰਦੀ ਨਾ ਕਰਦੀ ਤਾਂ 4 ਲੱਖ ਲੋਕਾਂ ਦੀ ਮੌਤ ਕੋਵਿਡ -19 ਨਾਲ ਹੋ ਸਕਦੀ ਸੀ। ਇਸ ਖੋਜ ਰਿਪੋਰਟ ਦਾ ਦਾਅਵਾ ਹੈ ਕਿ ਲਗਭਗ 12,500 ਲੋਕ ਅਗਲੇ ਪੰਜ ਸਾਲਾਂ ਵਿੱਚ ਰੱਦ ਕੀਤੇ ਆਪ੍ਰੇਸ਼ਨਾਂ ਕਾਰਨ ਮੌਤ ਦੇ ਘਾਟ ਉਤਰ ਸਕਦੇ ਹਨ, ਜਦੋਂ ਕਿ ਕੈਂਸਰ ਦੀ ਖੁੰਝੀ ਹੋਈ ਜਾਂਚ ਦੇ ਕਾਰਨ 1,400 ਜਾਨਾਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਮਹਾਮਾਰੀ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਦੀ ਕੁੱਲ ਸੰਖਿਆ ਵੀ ਅਗਲੇ ਮਾਰਚ ਤੱਕ 1,01,000 ਹੋ ਜਾਏਗੀ, ਪਰ ਇਹ ਗਿਣਤੀ ਪੰਜ ਸਾਲਾਂ ਵਿਚ ਤਕਰੀਬਨ 1,50,000 ਹੋ ਸਕਦੀ ਹੈ।


Lalita Mam

Content Editor

Related News