ਯੂ. ਕੇ. : ਡੋਰਸੈੱਟ ''ਚ ਮੁੜ ਲਾਗੂ ਹੋ ਸਕਦੀ ਹੈ ਤਾਲਾਬੰਦੀ, ਇਹ ਹੈ ਕਾਰਨ

06/03/2020 1:51:20 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਇੰਗਲੈਂਡ ਦੇ ਡੋਰਸੈੱਟ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਡਰ ਕਾਰਨ ਇੱਥੇ ਮੁੜ ਤਾਲਾਬੰਦੀ ਹੋ ਸਕਦੀ ਹੈ ਕਿਉਂਕਿ ਸੈਲਾਨੀਆਂ ਦੀ ਅਥਾਹ ਗਿਣਤੀ ਨੂੰ ਬੀਚਾਂ 'ਤੇ ਮੌਜ ਮਸਤੀ ਕਰਨ ਆਉਣੋਂ ਰੋਕਣ ਲਈ ਇਹ ਫੈਸਲਾ ਲਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਬੋਰਿਸ ਜੌਹਨਸਨ ਨੂੰ ਡੋਰਸੈਟ ਵਾਸੀਆਂ ਦੀਆਂ ਜਾਨਾਂ ਬਚਾਉਣ ਲਈ ਹੁਣੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਡੋਰਸੈੱਟ ਵਿੱਚ ਦੋ ਸਥਾਨਕ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਉਹ ਘਰੇਲੂ ਕਾਊਂਟੀ ਦੇ ਅੰਦਰ ਯਾਤਰਾ ਸੀਮਤ ਕਰਨ ਲਈ ਕਹਿਣ ਕਿਉਂਕਿ ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਦੇ ਨਤੀਜੇ ਵਜੋਂ ਅਸੀਂ ਡੋਰਸੈੱਟ ਵਿੱਚ ਲਾਗ ਦੀ ਦੂਸਰੀ ਲਹਿਰ ਵੇਖਾਂਗੇ।

PunjabKesari

ਇਸ ਲਈ ਉਹ ਸਰਕਾਰ ਨੂੰ ਡੋਰਸੈਟ ਨਿਵਾਸੀਆਂ ਦੀ ਜਾਨ ਬਚਾਉਣ ਲਈ ਹੁਣੇ ਕਾਰਵਾਈ ਕਰਨ ਲਈ ਕਹਿ ਰਹੇ ਹਨ। ਉਹਨਾਂ ਸਰਕਾਰ ਨੂੰ ਬੇਨਤੀ ਹੈ ਕਿ ਮੌਜੂਦਾ ਸਮੇਂ 'ਤੇ ਨਿਰਧਾਰਤ ਯਾਤਰਾ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਲੋਕਾਂ ਨੂੰ ਸਥਾਨਕ ਇਲਾਕੇ ਵਿੱਚ ਹੀ ਰਹਿਣ ਦੀ ਤਾਕੀਦ ਕੀਤੀ ਜਾਵੇ। ਸਰਕਾਰ ਵਲੋਂ ਤਾਲਾਬੰਦੀ ਵਿੱਚ ਢਿੱਲ ਦੇਣ ਕਰਕੇ ਇੱਥੇ ਜਿਆਦਾ ਲੋਕ ਯਾਤਰਾ ਕਰ ਰਹੇ ਹਨ ਜੋ ਡੋਰਸੈੱਟ ਲਈ ਮੁਸੀਬਤ ਬਣ ਗਈ ਹੈ। 
ਬਾਰੌਨਮਾਊਥ ਈਸਟ ਦੇ ਸੰਸਦ ਮੈਂਬਰ ਟੋਬੀਅਸ ਏਲਵੁੱਡ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਡੋਰਸੈੱਟ 1 ਤੋਂ ਉੱਪਰ ਦੀ ਇੱਕ ਆਰ ਨੰਬਰ 'ਤੇ ਜਾ ਸਕਦਾ ਹੈ, ਕਿਉਂਕਿ ਮਨੋਰੰਜਨ ਦੀਆਂ ਗਤੀਵਿਧੀਆਂ ਇਕੱਠ ਵਿੱਚ ਹੁੰਦੀਆਂ ਹਨ ਤੇ ਲੋਕ ਸਮਾਜਿਕ ਦੂਰੀ ਵੱਲ ਧਿਆਨ ਨਹੀਂ ਦਿੰਦੇ।

ਇਸ ਸੰਬੰਧ ਵਿੱਚ ਮੈਟ ਹੈਨਕੌਕ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਵੀਡ -19 ਕੁਝ ਖੇਤਰਾਂ ਵਿੱਚ ਫਿਰ ਉੱਠੇ ਤਾਂ ਉੱਥੇ ਸਥਾਨਕ ਤਾਲਾਬੰਦੀ ਸੰਭਵ ਹੈ। ਇਸ ਲਈ ਸੋਮਵਾਰ ਦੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਸਿਹਤ ਵਿਭਾਗ ਨੇ ਕਿਹਾ ਕਿ ਨਵੇਂ ਵਾਇਰਸ ਫੈਲਣ ਦੇ ਜਵਾਬ ਵਿੱਚ ਇੱਥੇ ਤਾਲਾਬੰਦੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਡੋਰਸੈੱਟ ਦੀ "ਡਰਡਲ ਡੋਰ" ਬੀਚ ਵੱਲ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਵਾਹੋਦਾਹੀ ਹੋ ਤੁਰੇ ਸਨ। ਸਮੁੰਦਰ ਦੇ ਵਿਚਕਾਰ ਖੜ੍ਹੀ ਲਗਭਗ 200 ਫੁੱਟ ਉੱਚੀ ਦਰਵਾਜ਼ਾਨੁਮਾ ਚੱਟਾਨ ਦਾ ਉੱਪਰੋਂ ਪਾਣੀ ਵਿੱਚ ਛਾਲਾਂ ਮਾਰਨ ਦੀ ਭੇਡਚਾਲ ਕਰਕੇ 4 ਜਣੇ ਜ਼ਖ਼ਮੀ ਹੋ ਗਏ ਸਨ। ਏਅਰ ਐਂਬੂਲੈਂਸ ਬੁਲਾਉਣ ਤੋਂ ਬਾਅਦ ਪੁਲਿਸ ਵੱਲੋਂ ਲੋਕਾਂ ਨੂੰ ਆਪੋ ਆਪਣੇ ਘਰ ਜਾਣ ਦੀ ਬੇਨਤੀ ਤੋਂ ਬਾਅਦ ਬੀਚ ਬੰਦ ਕਰਨੀ ਪਈ ਸੀ।


Lalita Mam

Content Editor

Related News