ਯੂ. ਕੇ. ਨੇ ਚਾਰ ਲੈਟਰ ਬਾਕਸ ਕੀਤੇ ਕਾਲੇ, ਜਾਣੋ ਇਸ ਦਾ ਰੌਚਕ ਕਾਰਨ

10/01/2020 3:10:40 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਵਿਚ ਚਿੱਠੀਆਂ ਵਾਲੇ ਡੱਬੇ (ਲੈਟਰ ਬਾਕਸ) ਲਾਲ ਰੰਗ ਦੇ ਹਨ ਪਰ ਦੇਸ਼ ਦੇ ਚਾਰ ਵੱਖ-ਵੱਖ ਸ਼ਹਿਰਾਂ 'ਚ ਚਾਰ ਲੈਟਰ ਬਾਕਸਾਂ ਨੂੰ ਲਾਲ ਤੋਂ ਕਾਲੇ ਰੰਗ 'ਚ ਤਬਦੀਲ ਕੀਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ "ਬਲੈਕ ਹਿਸਟਰੀ ਮੰਥ" ਵਜੋਂ ਉਨ੍ਹਾਂ ਕਾਲੇ ਮੂਲ ਦੇ ਲੋਕਾਂ ਨੂੰ ਮਾਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਨੇ ਦੇਸ਼ ਦੇ ਮਾਣ-ਸਨਮਾਨ ਵਿਚ ਵਾਧਾ ਕੀਤਾ ਹੈ। ਇਹ ਲਾਲ ਤੋਂ ਕਾਲੇ ਕੀਤੇ ਲੈਟਰ ਬਾਕਸ ਬੈਲਫਾਸਟ, ਕਾਰਡਿਫ, ਬਰਿਕਸਟਨ ਤੇ ਗਲਾਸਗੋ 'ਚ ਸਥਿਤ ਹਨ।

ਬੈਲਫਾਸਟ 'ਚ ਲੱਗਿਆ ਕਾਲਾ ਲੈਟਰ ਬਾਕਸ ਹਾਸ ਰਸ ਕਲਾਕਾਰ ਸਰ ਲੈਨੀ ਹੈਨਰੀ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਦਕਿ ਕਾਰਡਿਫ ਵਿਚਲਾ ਲੈਟਰ ਬੌਕਸ ਨਰਸ ਮੇਰੀ ਸੀਅਕੋਲ ਨੂੰ ਸਮਰਪਿਤ ਹੈ, ਜਿਸਨੇ 1853 ਤੋਂ 1856 ਜੰਗ ਦੌਰਾਨ ਜ਼ਖ਼ਮੀ ਫ਼ੌਜੀਆਂ ਦੇ ਇਲਾਜ 'ਚ ਤਨਦੇਹੀ ਨਾਲ ਸੇਵਾ ਨਿਭਾਈ ਸੀ। ਇਸੇ ਤਰ੍ਹਾਂ ਹੀ ਤੀਜਾ ਲੈਟਰ ਬਾਕਸ ਬ੍ਰਿਟਿਸ਼ ਨਾਈਜੀਰੀਅਨ ਕਲਾਕਾਰ ਯਿੰਕਾ ਸ਼ੋਨੀਬੇਅਰ ਦੇ ਮਾਣ 'ਚ ਲੰਡਨ ਦੇ ਇਲਾਕੇ ਬਰਿਕਸਟਨ 'ਚ ਲਾਇਆ ਗਿਆ ਹੈ। 

ਗਲਾਸਗੋ ਸਥਿਤ ਚੌਥਾ ਕਾਲਾ ਲੈਟਰ ਬੌਕਸ ਰੇਂਜਰਜ਼ ਨਾਲ ਹਸਤਾਖਰ ਕਰਕੇ ਜੁੜੇ ਪਹਿਲੇ ਕਾਲੇ ਮੂਲ ਦੇ ਫੁੱਟਬਾਲ ਖਿਡਾਰੀ ਵਾਲਟਰ ਟੁੱਲ ਦੀ ਯਾਦ ਵਿਚ ਹੈ ਜੋ 1918 'ਚ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਇਨ੍ਹਾਂ ਉੱਪਰ ਕਿਊਆਰ ਕੋਡ ਵੀ ਦਿੱਤਾ ਗਿਆ ਹੈ ਜਿਸ ਨੂੰ ਫੋਨ ਨਾਲ ਸਕੈਨ ਕਰਕੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬਲੈਕ ਹਿਸਟਰੀ ਮਹੀਨੇ ਯੂਨਾਈਟਿਡ ਸਟੇਟ ਨਾਲ ਸੰਬੰਧਤ ਸੀ ਤੇ 1987 ਤੋਂ ਬਰਤਾਨੀਆ 'ਚ ਮਨਾਇਆ ਜਾਣ ਲੱਗਿਆ ਹੈ।

Lalita Mam

This news is Content Editor Lalita Mam