ਇੰਗਲੈਂਡ ''ਚ ਨਕਲੀ ਡਾਕਟਰ ਬਣੀ ਪੰਜਾਬਣ ਦੀ ਖੁੱਲ੍ਹੀ ਪੋਲ, ਮਿਲੀ ਸਜ਼ਾ

06/08/2019 3:21:29 PM

ਲੰਡਨ— ਇੰਗਲੈਂਡ 'ਚ ਰਹਿ ਰਹੀ ਇਕ 58 ਸਾਲਾ ਔਰਤ ਆਪਣੇ-ਆਪ ਨੂੰ ਡਾਕਟਰ ਦੱਸ ਕੇ ਬਜ਼ੁਰਗਾਂ ਦਾ ਗਲਤ ਇਲਾਜ ਕਰਦੀ ਰਹੀ। ਉਸ ਨੂੰ ਦੇਸੀ ਇਲਾਜ ਕਰਨ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਤਹਿਤ 3 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਕਮਲੇਸ਼ ਬਾਸੀ ਉਰਫ ਕੈਮ ਬਾਸੀ ਨਾਂ ਦੀ ਇਸ ਔਰਤ ਦਾ ਕਹਿਣਾ ਸੀ ਕਿ ਉਹ ਬਜ਼ੁਰਗਾਂ ਦੀਆਂ ਕਈ ਬੀਮਾਰੀਆਂ ਦੀ ਮਾਹਿਰ ਹੈ ਤੇ ਦੇਸੀ ਇਲਾਜ ਕਰਕੇ ਲੋਕਾਂ ਨੂੰ ਠੱਗਦੀ ਸੀ। ਉਸ 'ਤੇ ਦੋਸ਼ ਹਨ ਕਿ ਉਹ ਲੋਕਾਂ ਨੂੰ ਬਿਨਾਂ ਜ਼ਰੂਰਤ ਦੇ ਵਧੇਰੇ ਦਵਾਈਆਂ ਖਾਣ ਦੀ ਸਲਾਹ ਦਿੰਦੀ ਸੀ। ਮਰੀਜ਼ਾਂ ਨੂੰ ਬਿਨਾਂ ਜ਼ਰੂਰਤ ਦੇ ਹੀ ਕਰੀਮਾਂ ਦੀ ਮਾਲਸ਼ ਕਰਨ ਲਈ ਵੀ ਕਹਿੰਦੀ ਰਹਿੰਦੀ ਸੀ। 

ਉਸ ਨੇ ਇਕ ਬਜ਼ੁਰਗ ਔਰਤ ਨੂੰ ਅਜਿਹੀ ਦਵਾਈ ਦਿੱਤੀ ਜੋ ਕਿ ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਦਿੱਤੀ ਨਹੀਂ ਜਾ ਸਕਦੀ। ਉਸ ਨੇ ਉਸ ਦੀ ਹਲਕੀ ਦਰਦ ਨੂੰ ਗਠੀਏ ਦੀ ਬੀਮਾਰੀ ਦੱਸਿਆ। ਬਾਅਦ 'ਚ ਕਿਸੇ ਕਾਰਨ ਉਸ ਦੀ ਮੌਤ ਹੋ ਗਈ। ਇਕ ਹੋਰ ਔਰਤ ਨੂੰ ਉਸ ਨੇ ਕਬਜ਼ ਸਬੰਧੀ ਕਾਫੀ ਤੇਜ਼ (ਸਟਰੋਂਗ) ਦਵਾਈਆਂ ਦੇ ਦਿੱਤੀਆਂ, ਜਿਸ ਨੂੰ ਖਾਣ ਲਈ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਪੈਂਦੀ ਹੈ। 

ਇਸ ਨਕਲੀ ਡਾਕਟਰ ਕੈਮ ਬਾਸੀ ਦੀ ਪੋਲ ਉਸ ਸਮੇਂ ਖੁੱਲ੍ਹੀ ਜਦ ਔਰਤ ਨੇ ਆਪਣੀ ਇਕ ਸਹੇਲੀ ਨੂੰ ਇਹ ਦਵਾਈਆਂ ਦਿਖਾਈਆਂ। ਉਸ ਦੀ ਸਹੇਲੀ ਨਰਸ ਰਹਿ ਚੁੱਕੀ ਸੀ ਤੇ ਉਹ ਇਹ ਦੇਖ ਕੇ ਹੈਰਾਨ ਹੋ ਗਈ ਕਿ ਉਸ ਨੂੰ ਅਜਿਹੀ ਤੇਜ਼ ਦਵਾਈ ਕਿਉਂ ਦਿੱਤੀ ਗਈ ਹੈ। ਉਸ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਕਾਰਵਾਈ ਦੌਰਾਨ ਪੁਲਸ ਨੇ ਕੈਮ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਉਸ ਨੂੰ 3 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੈਮ ਬਾਸੀ ਦੀ ਅਜਿਹੀ ਹਰਕਤ ਕਾਰਨ ਪੰਜਾਬੀ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।