ਯੂ. ਕੇ. ਤੋਂ ਜਮਾਇਕਾ ਡਿਪੋਰਟ ਕੀਤੇ ਕੈਦੀਆਂ ''ਚੋਂ ਇਕ ਕੋਰੋਨਾ ਪੀੜਤ

12/05/2020 4:32:57 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਸਰਕਾਰ ਵੱਲੋਂ ਬੁੱਧਵਾਰ ਨੂੰ 13 ਕੈਦੀ ਜਮਾਇਕਾ ਡਿਪੋਰਟ ਕੀਤੇ ਗਏ ਹਨ ਅਤੇ ਜਮਾਇਕਾ ਦੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬ੍ਰਿਟੇਨ ਤੋਂ ਜਮਾਇਕਾ ਭੇਜੇ ਗਏ ਇਨ੍ਹਾਂ 13 ਕੈਦੀਆਂ ਵਿਚੋਂ ਇਕ ਕੋਵਿਡ-19 ਨਾਲ ਪੀੜਤ ਪਾਇਆ ਗਿਆ ਹੈ। 

ਇਹ ਵਾਇਰਸ ਪੀੜਤ ਵਿਅਕਤੀ ਰਾਜਧਾਨੀ ਕਿੰਗਸਟਨ ਦੇ ਇਕ ਹਸਪਤਾਲ ਵਿਚ ਇਕਾਂਤਵਾਸ ਵਿਚ ਰਹਿ ਰਿਹਾ ਹੈ। ਗ੍ਰਹਿ ਦਫ਼ਤਰ ਅਨੁਸਾਰ ਉਹ ਕੈਦੀ ਫਲਾਈਟ ਵਿਚ ਸੀ ਪਰ ਟੈਸਟ ਦੀ ਪੁਸ਼ਟੀ ਹੋਣ ਤੱਕ ਇਸ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਸੀ। ਇਹ ਉਡਾਣ ਵੀ ਵਿਵਾਦਾਂ ਵਿਚ ਆ ਰਹੀ ਹੈ ਜਦਕਿ ਅਲੋਚਕਾਂ ਨੇ ਇਸ ਦੀ ਤੁਲਨਾ ਵਿੰਡਰਸ਼ ਘੁਟਾਲੇ ਨਾਲ ਕੀਤੀ ਹੈ। 

ਇਸ ਉਡਾਨ ਦੇ ਸੰਬੰਧ ਵਿਚ ਮਸ਼ਹੂਰ ਮਾਡਲ ਨਾਉਮੀ ਕੈਂਪਬੈਲ ਅਤੇ ਅਦਾਕਾਰਾ ਥਾਂਡੀ ਨਿਊਟਨ ਸਣੇ 90 ਹਸਤੀਆਂ ਨੇ ਪਿਛਲੇ ਮਹੀਨੇ ਇਕ ਪੱਤਰ ਉੱਤੇ ਹਸਤਾਖਰ ਕੀਤੇ ਸਨ , ਜਿਸ ਵਿਚ ਏਅਰਲਾਈਨਾਂ ਨੂੰ ਬੁੱਧਵਾਰ ਦੀ ਇਸ ਉਡਾਣ ਨੂੰ ਨਾ ਉਡਾਉਣ ਦੀ ਮੰਗ ਕੀਤੀ ਸੀ। ਇਸ ਦੇ ਇਲਾਵਾ ਪਿਛਲੇ ਮਹੀਨੇ 60 ਤੋਂ ਵੱਧ ਲੇਬਰ ਸੰਸਦ ਮੈਂਬਰਾਂ ਅਤੇ ਸਾਥੀਆਂ ਦੁਆਰਾ ਵੀ ਇਕ ਵੱਖਰੇ ਪੱਤਰ 'ਤੇ ਦਸਤਖ਼ਤ ਕਰਕੇ ਇਸ ਉਡਾਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ।
 

Sanjeev

This news is Content Editor Sanjeev