ਯੂ. ਕੇ. ਨੇ ਕੈਪਟਨ ਟੌਮ ਮੂਰ ਨੂੰ ਤਾੜੀਆਂ ਵਜਾ ਦਿੱਤੀ ਸ਼ਰਧਾਂਜਲੀ, PM ਬੌਰਿਸ ਵੀ ਹੋਏ ਸ਼ਾਮਲ

02/04/2021 3:14:56 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਭਰ ਦੇ ਲੋਕਾਂ ਨੇ ਸਵਰਗਵਾਸੀ ਕਪਤਾਨ ਸਰ ਟੌਮ ਮੂਰ ਨੂੰ ਤਾੜੀਆਂ ਮਾਰ ਕੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ। ਇਸ ਕਾਰਵਾਈ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੀ ਸਾਥੀ ਕੈਰੀ ਸਾਈਮੰਡਜ਼ ਨਾਲ 10 ਡਾਉਨਿੰਗ ਸਟ੍ਰੀਟ ਦੇ ਬਾਹਰ ਟੌਮ ਮੂਰ ਲਈ ਤਾੜੀਆਂ ਮਾਰੀਆਂ ਜਦੋਂ ਕਿ ਲੇਬਰ ਲੀਡਰ, ਕੀਰ ਸਟਾਰਮਰ ਆਪਣੇ ਘਰ ਤੋਂ ਇਸ ਪ੍ਰਕਿਰਿਆ ਵਿਚ ਸ਼ਾਮਿਲ ਹੋਇਆ। 


ਇਸ ਤੋਂ ਪਹਿਲਾਂ ਜਾਨਸਨ ਨੇ ਲੋਕਾਂ ਨੂੰ ਮੂਰ ਅਤੇ ਐੱਨ. ਐੱਚ. ਐੱਸ. ਸਟਾਫ਼ ਲਈ ਪ੍ਰਸ਼ੰਸਾ ਜ਼ਾਹਰ ਕਰਨ ਲਈ ਸ਼ਾਮ 6 ਵਜੇ “ਕਲੈਪ ਫਾਰ ਕਪਤਾਨ ਟੌਮ” ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਕੈਪਟਨ ਮੂਰ ਦੇ ਪਰਿਵਾਰਿਕ ਮੈਂਬਰ ਵੀ ਬੈਸਟਫੋਰਡਸ਼ਾਇਰ ਦੇ ਮਾਰਸਟਨ ਮੋਰੇਟੇਨ ਵਿਚ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਟੌਮ ਨੂੰ ਵਿਲੱਖਣ ਸਰਧਾਂਜਲੀ ਦੇਣ ਲਈ ਸ਼ਾਮਲ ਹੋਏ। ਐੱਨ. ਐੱਚ. ਐੱਸ. ਦਾ ਸਟਾਫ਼, ਮੂਰ ਨੂੰ ਸਰਧਾਂਜਲੀ ਦੇਣ ਲਈ ਉਸ ਦਾ ਇਲਾਜ ਕਰਨ ਵਾਲੇ ਬੈਡਫੋਰਡ ਹਸਪਤਾਲ ਦੇ ਬਾਹਰ ਇਕੱਠਾ ਹੋਇਆ ਅਤੇ ਹੈਰੋਗੇਟ ਦੇ ਆਰਮੀ ਫਾਊਂਡੇਸ਼ਨ ਕਾਲਜ ਵਿਚ ਜੂਨੀਅਰ ਫ਼ੌਜੀਆਂ ਨੇ ਵੀ ਮੂਰ ਦੀ ਰਾਸ਼ਟਰੀ ਪ੍ਰਸ਼ੰਸਾ ਵਿਚ ਸ਼ਿਰਕਤ ਕੀਤੀ। 

ਸੰਸਦ ਮੈਂਬਰਾਂ ਨੇ ਬੁੱਧਵਾਰ ਦੁਪਹਿਰ ਨੂੰ ਕੋਵਿਡ -19 ਮਹਾਮਾਰੀ ਦੇ ਨਤੀਜੇ ਵਜੋਂ ਆਪਣੀ ਜਾਨ ਗੁਆਉਣ ਵਾਲੇ ਮੂਰ ਅਤੇ ਹੋਰਾਂ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਧਾਰਿਆ। ਇਸ ਦੇ ਇਲਾਵਾ ਕੈਪਟਨ ਦੇ ਸਨਮਾਨ ਵਿਚ 10 ਡਾਉਨਿੰਗ ਸਟ੍ਰੀਟ ਦੇ ਉੱਪਰ ਮੰਗਲਵਾਰ ਸ਼ਾਮ ਨੂੰ ਝੰਡਾ ਅੱਧ ਮਸਤਕ 'ਤੇ ਲਹਿਰਾਇਆ ਗਿਆ, ਜਦੋਂ ਕਿ ਲੰਡਨ ਆਈ, ਵੇਂਬਲੇ ਸਟੇਡੀਅਮ ਅਤੇ ਬਲੈਕਪੂਲ ਟਾਵਰ 'ਤੇ ਲਾਈਟਾਂ ਜਗਾ ਕੇ ਮੂਰ ਨੂੰ ਸ਼ਰਧਾਂਜਲੀ ਦਿੱਤੀ ਗਈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਵੀ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮੂਰ ਦੇ ਯੋਗਦਾਨ ਨੂੰ ਰਸਮੀ ਤੌਰ 'ਤੇ ਦਰਸਾਇਆ ਜਾਵੇਗਾ, ਜਿਸ ਲਈ ਮੂਰ ਦਾ ਸਨਮਾਨ ਕਰਨ ਲਈ ਇਕ ਬੁੱਤ ਵੀ ਬਣਾਇਆ ਜਾ ਸਕਦਾ ਹੈ।

Lalita Mam

This news is Content Editor Lalita Mam