ਯੂ. ਕੇ. : ਹੈਲੋਵੀਨ ਪਾਰਟੀ ਬੰਦ ਕਰਵਾਉਂਦਿਆਂ ਪੁਲਸ ਅਧਿਕਾਰੀ ਦੀ ਟੁੱਟੀ ਲੱਤ

11/03/2020 4:13:41 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਕਾਲ ਵਿਚ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਕਈ ਬੇਪਰਵਾਹ ਲੋਕ ਸੰਬੰਧਤ ਨਿਯਮਾਂ ਨੂੰ ਤੋੜ ਕੇ ਵਾਇਰਸ ਦੇ ਫੈਲਣ ਨੂੰ ਬੜਾਵਾ ਦਿੰਦੇ ਹਨ। 

ਹੈਲੋਵੀਨ ਦੌਰਾਨ ਵੀ ਲੋਕਾਂ ਨੇ ਸਮੂਹਕ ਪਾਰਟੀਆਂ ਕਰਕੇ ਸਰਕਾਰੀ ਨਿਯਮਾਂ ਨੂੰ ਤੋੜਿਆ ਹੈ। ਅਜਿਹੀ ਹੀ ਇਕ ਪਾਰਟੀ ਬ੍ਰਿਸਟਲ ਨੇੜੇ ਆਯੋਜਿਤ ਕੀਤੀ ਗਈ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਤੁਰੰਤ ਹਰਕਤ ਵਿਚ ਆਏ। ਅਧਿਕਾਰੀਆਂ ਨੂੰ ਸ਼ਨੀਵਾਰ ਰਾਤ 10.30 ਵਜੇ ਬ੍ਰਿਸਟਲ ਨੇੜੇ ਯੇਟ ਵਿਚ ਲਗਭਗ 700 ਲੋਕਾਂ ਦੇ ਇਕੱਠ ਦੀ ਇੱਕ ਵਿਸ਼ਾਲ ਪਾਰਟੀ ਹੋਣ ਦੀ ਸੂਚਨਾ ਮਿਲੀ। ਪਾਰਟੀ ਸਥਾਨ 'ਤੇ ਪੁਲਸ ਨੂੰ ਇਸ ਗੈਰ-ਕਾਨੂੰਨੀ ਇਕੱਠ ਨੂੰ ਬੰਦ ਕਰਵਾਉਣ ਵਿੱਚ ਕਾਫੀ ਜੱਦੋ-ਜਹਿਦ ਕਰਨੀ ਪਈ ਜਦਕਿ ਇਕ ਅਧਿਕਾਰੀ ਦੀ ਇਸ ਦੌਰਾਨ ਲੱਤ ਟੁੱਟਣ ਦੀ ਵੀ ਖਬਰ ਹੈ। 

ਅਗਲੇ ਦਿਨ ਦੁਪਹਿਰ 3 ਵਜੇ ਤੋਂ ਬਾਅਦ ਇਸ ਨੂੰ ਬੰਦ ਕਰਨ ਵਿਚ ਅਧਿਕਾਰੀਆਂ ਨੂੰ ਸਫਲਤਾ ਪ੍ਰਾਪਤ ਹੋਈ । ਪਾਰਟੀ ਵਿਚ ਸ਼ਾਮਿਲ ਲੋਕ ਪੁਲਸ ਪ੍ਰਤੀ ਹਮਲਾਵਰ ਰੁੱਖ ਅਪਣਾ ਰਹੇ ਸਨ। ਉਨ੍ਹਾਂ ਕਥਿਤ ਤੌਰ 'ਤੇ ਅਧਿਕਾਰੀਆਂ 'ਤੇ ਬੋਤਲਾਂ, ਇੱਟਾਂ ਅਤੇ ਸਪਰੇਅ ਦੇ ਡੱਬੇ ਵੀ ਸੁੱਟੇ। ਕਈ ਹੋਰ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਪਾਰਟੀ ਨੂੰ ਆਯੋਜਿਤ ਕਰਨ ਦੇ ਦੋਸ਼ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਵੱਡੀ ਪੱਧਰ 'ਤੇ ਹੋ ਰਹੀ ਇਸ ਪਾਰਟੀ ਨੂੰ ਬੰਦ ਕਰਵਾਉਣ ਲਈ ਏਵਨ ਅਤੇ ਸਮਰਸੈਟ ਪੁਲਿਸ ਨੂੰ 17 ਘੰਟਿਆਂ ਦੀ ਮਿਆਦ ਵਿੱਚ ਆਲੇ ਦੁਆਲੇ ਦੀ ਪੁਲਿਸ ਤੋਂ ਵੀ ਸਹਾਇਤਾ ਲੈਣੀ ਪਈ। ਜਿਸ ਅਧਿਕਾਰੀ ਦੀ ਇਸ ਮੁਹਿੰਮ ਵਿਚ ਲੱਤ ਟੁੱਟੀ ਹੈ, ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ।
 

Lalita Mam

This news is Content Editor Lalita Mam