UK ਦੇ ਗੁਰਦੁਆਰਾ ਸਾਹਿਬ ਵਿਖੇ ਕਵੀਆਂ ਨੇ ਸੰਗਤਾਂ ਨੂੰ ਸੁਣਾਇਆ ਗੁਰੂਜਸ

10/16/2019 3:35:44 PM

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)— ਗੁਰਦੁਆਰਾ ਸਿੰਘ ਸਭਾ ਸਲੋਹ ਵਿਖੇ ਪ੍ਰਸਿੱਧ ਕਥਾਕਾਰ ਗਿਆਨੀ ਤਰਬੇਦੀ ਸਿੰਘ ਜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਇਕ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿਚ ਨਾਮਵਰ ਕਵੀਆਂ ਮਿਡਲੈਂਡ ਤੋਂ ਨਿਰਮਲ ਸਿੰਘ ਕੰਧਾਲਵੀ, ਪ੍ਰਸਿੱਧ ਗੀਤਕਾਰ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲੇ, ਸ਼ਾਇਰ ਹਰਜਿੰਦਰ ਸਿੰਘ ਸੰਧੂ ਅਤੇ
ਗੁਰਸ਼ਰਨ ਸਿੰਘ ਸੰਧੂ ਪੁੱਜੇ।

ਲੰਡਨ ਤੋਂ ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਭਿੰਦਰ ਜਲਾਲਾਬਾਦੀ, ਬੇਅੰਤ ਕੌਰ ਅਤੇ ਰਵਿੰਦਰ ਸਿੰਘ ਰਾਣਾ ਨੇ ਹਿੱਸਾ ਲਿਆ। ਸਾਰੇ ਕਵੀਆਂ ਨੇ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੁੱਚੀ ਲੋਕਾਈ 'ਤੇ ਕੀਤੇ ਪਰਉਪਕਾਰਾਂ ਦਾ ਵਰਣਨ ਆਪਣੇ-ਆਪਣੇ ਅੰਦਾਜ਼ 'ਚ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਉਪਰੰਤ ਨਿਰਮਲ ਸਿੰਘ ਕੰਧਾਲਵੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂਘਰਾਂ ਦੇ ਮੰਚ ਤੋਂ ਕਵੀਆਂ ਨੂੰ ਆਪਣੀ ਕਲਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਦੇਣਾ ਕਮੇਟੀ ਦਾ ਸਲਾਹੁਣਯੋਗ ਕਾਰਜ ਹੈ। ਇਸ ਸਮੇਂ ਭਾਰੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਕਵੀ ਦਰਬਾਰ ਦਾ ਖੂਬ ਆਨੰਦ ਮਾਣਿਆ। ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਦੀ ਸੇਵਾ ਗਿਆਨੀ ਤਰਬੇਦੀ ਸਿੰਘ ਜੀ ਨੇ ਬਾਖੂਬੀ ਨਿਭਾਈ।