ਬ੍ਰਿਟੇਨ ਸਰਕਾਰ ਨੇ ਤਲਾਕ ਪ੍ਰਕਿਰਿਆ ''ਚ ਸੋਧ ਦਾ ਦਿੱਤਾ ਪ੍ਰਸਤਾਵ

09/15/2018 6:11:18 PM

ਲੰਡਨ (ਭਾਸ਼ਾ)— ਬ੍ਰਿਟਿਸ਼ ਸਰਕਾਰ 'ਨੋ ਫਾਲਟ' (ਕੋਈ ਗਲਤੀ ਨਹੀਂ) ਤਲਾਕ ਲਾਗੂ ਕਰਨ ਅਤੇ ਦੂਜੇ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ, ਤਾਂ ਕਿ ਵਿਆਹੁਤਾ ਲਈ ਤਲਾਕ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾ ਸਕੇ। ਕਾਨੂੰਨ ਮੰਤਰੀ ਡੇਵਿਡ ਗਾਊਕੇ ਨੇ ਸ਼ਨੀਵਾਰ ਨੂੰ ਕਾਨੂੰਨਾਂ ਵਿਚ ਸੋਧ ਲਈ ਇਕ ਸਲਾਹ-ਮਸ਼ਵਰਾ ਪ੍ਰਕਿਰਿਆ ਸ਼ੁਰੂ ਕੀਤੀ, ਜੋ ਕਿ ਆਧੁਨਿਕ ਜੀਵਨ ਨਾਲ ਮੇਲ ਨਹੀਂ ਖਾਂਦੀ ਹੈ। 

12 ਹਫਤਿਆਂ ਦੀ ਸਲਾਹ-ਮਸ਼ਵਰੇ ਦੀ ਮਿਆਦ ਤੋਂ ਬਾਅਦ ਜੇਕਰ ਇਨ੍ਹਾਂ ਵਲੋਂ ਇਸ ਕਾਨੂੰਨ ਨੂੰ ਅਪਣਾਇਆ ਜਾਂਦਾ ਹੈ ਤਾਂ ਜੀਵਨ ਸਾਥੀ ਆਪਣੇ ਸਾਂਝੀਦਾਰ ਵਲੋਂ ਦਾਇਰ ਤਲਾਕ ਦੀ ਅਰਜ਼ੀ ਨੂੰ ਚੁਣੌਤੀ ਨਹੀਂ ਦੇ ਸਕੇਗਾ। ਇਹ ਬਦਲਾਅ ਸਮਲਿੰਗੀ ਵਿਆਹਾਂ ਅਤੇ ਸਿਵਲ ਪਾਰਟਨਰਸ਼ਿਪ 'ਤੇ ਲਾਗੂ ਹੋਵੇਗਾ। ਪ੍ਰਸਤਾਵਤ ਨਵੇਂ ਕਾਨੂੰਨ ਦਾ ਮਤਲਬ ਹੋਵੇਗਾ ਕਿ ਤਲਾਕ ਲੈਣ ਤੋਂ ਪਹਿਲਾਂ ਸਾਥੀ ਨਾਲ ਤੈਅ ਸ਼ੁਦਾ ਮਿਆਦ ਤਕ ਵੱਖ ਰਹਿਣ ਦੀ ਗੱਲ ਸਾਬਤ ਕਰਨ ਦੀ ਲੋੜ ਨਹੀਂ ਹੋਵੇਗੀ।